ਡੀ.ਏ.ਪੀ ਦੇ ਵਿਕਲਪ ਦੇ ਤੌਰ ’ਤੇ ਖੇਤੀਬਾੜੀ ਵਿਚ ਹੋਰ ਖਾਦਾਂ ਦੀ ਕੀਤੀ ਜਾਵੇ ਵਰਤੋਂ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 27 ਸਤੰਬਰ :(TTT) ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਕਿਸਾਨਾਂ ਨੂੰ ਖੇਤੀਬਾੜੀ ਵਿਚ ਖਾਦਾਂ ਦੀ ਸਹੀ ਚੋਣ ਅਤੇ ਡੀ.ਏ.ਪੀ (ਡਾਈ-ਅਮੋਨਿਅਮ ਫਾਸਫੇਟ) ਦੇ ਵਿਕਲਪ ਦੇ ਰੂਪ ਵਿਚ ਹੋਰ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਹੀ ਖਾਦਾਂ ਦੀ ਚੋਣ ਨਾ ਕੇਵਲ ਫਸ਼ਲਾਂ ਦੀ ਮਿਆਰੀ ਪੈਦਾਵਾਰ ਬਰਕਰਾਰ ਰਹਿੰਦੀ ਹੈ, ਬਲਕਿ ਮਿੱਟੀ ਦੀ ਸਿਹਤ ਨੂੰ ਵੀ ਬਣਾਏ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਡੀ.ਏ.ਪੀ ਦੇ ਵਿਕਲਪ ਦੇ ਰੂਪ ਵਿਚ ਐਨ.ਪੀ 12:32:16, ਸਿੰਗਲ ਸੁਪਰ ਫਾਸਫੇਟ, ਐਨ.ਪੀ.ਕੇ. 16:16:16 ਅਤੇ ਐਨ.ਪੀ.ਕੇ 20:20:0:13 ਵਰਗੀ ਖਾਦ ਫਸ਼ਲਾਂ ਲਈ ਬਹੁਤ ਉਪਯੋਗੀ ਹੈ ਅਤੇ ਮਿੱਟੀ ਵਿਚ ਜ਼ਰੂਰੀ ਪੌਸ਼ਟਿਕ ਤੱਤ ਦੀ ਪੂਰਤੀ ਕਰਦੇ ਹਨ। ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਖਾਦਾਂ ਦੇ ਮਹੱਤਵ ਨੂੰ ਦੱਸਦੇ ਹੋਏ ਕਿਹਾ ਕਿ ਐਨ.ਪੀ. ਕੇ 12:32:16 ਇਸ ਵਿਚ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਸੰਤੁਲਨ ਮਿਸ਼ਰਨ ਹੁੰਦਾ ਹੈ, ਜੋ ਕਿ ਫਸਲਾਂ ਦੇ ਸ਼ੁਰੂਆਤੀ ਵਿਕਾਸ ਅਤੇ ਫੁੱਲ ਆਉਣ ਸਮੇਂ ਲਈ ਆਦਰਸ਼ ਹੈ। ਇਹ ਡੀ.ਏ.ਪੀ ਦਾ ਚੰਗਾ ਵਿਕਲਪ ਹੈ ਅਤੇ ਮਿੱਟੀ ਦੀ ਗੁਣਵੱਤਾ ਨੂੰ ਬਣਾਏ ਰੱਖਣ ਵਿਚ ਸਹਾਇਕ ਹੈ। ਸਿੰਗਲ ਸੁਪਰ ਫਾਸਫੇਟ ਵਿਚ 16 ਫੀਸਦੀ ਫਾਸਫੋਰਸ ਹੁੰਦਾ ਹੈ, ਜੋ ਕਿ ਹੋਲੀ-ਹੋਲੀ ਪੌਦਿਆਂ ਨੂੰ ਉਪਲਬੱਧ ਹੁੰਦਾ ਹੈ। ਇਸ ਵਿਚ ਸਲਫਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਪੌਦਿਆਂ ਦੇ ਪੌਸ਼ਣ ਸਮਰੱਥਾ ਵਿਚ ਸੁਧਾਰ ਕਰਦਾ ਹੈ। ਇਸ ਤਰ੍ਹਾਂ ਐਨ.ਪੀ.ਕੇ. 16:16:16 ਵਿਚ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਸਮਾਨ ਅਨੁਪਾਤ (16 ਫੀਸਦੀ ਹਰੇਕ) ਹੁੰਦਾ ਹੈ, ਜੋ ਪੌਦਿਆਂ ਦੇ ਸੰਪੂਰਨ ਵਿਕਾਸ ਲਈ ਉਪਯੋਗੀ ਹੈ। ਇਹ ਖਾਦ ਪੌਦਿਆਂ ਦੀਆਂ ਜੜ੍ਹਾਂ, ਤਨੇ ਅਤੇ ਫਲਾਂ ਦੇ ਵਿਕਾਸ ਵਿਚ ਸਹਾਇਤਾ ਕਰਦਾ ਹੈ ਅਤੇ ਡੀ.ਏ.ਪੀ ਦਾ ਬਿਹਤਰ ਵਿਕਲਪ ਹੈ। ਉਨ੍ਹਾਂ ਦੱਸਿਆ ਕਿ ਐਨ ਪੀ.ਕੇ 20:20:0:13 ਵਿਚ 20 ਫੀਸਦੀ ਨਾਈਟਰੋਜ਼ਨ, 20 ਫੀਸਦੀ ਫਾਸਫੋਰਸ ਅਤੇ 13 ਫੀਸਦੀ ਸਲਫਰ ਹੁੰਦਾ ਹੈ। ਇਹ ਉਨ੍ਹਾਂ ਖੇਤਾਂ ਲਈ ਬਿਹਤਰੀਨ ਹੈ, ਜਿਥੇ ਨਾਈਟਰੋਜ਼ਨ ਅਤੇ ਫਾਸਫੋਰਸ ਦੀ ਵੱਧ ਜ਼ਰੂਰਤ ਹੁੰਦੀ ਹੈ। ਸਲਫਰ ਪੌਦਿਆਂ ਦੀ ਕੁੱਲ ਪੋਸ਼ਣ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਡੀ.ਏ.ਪੀ ਦੇ ਨਾਲ-ਨਾਲ ਇਨ੍ਹਾਂ ਖਾਦਾਂ ਦਾ ਵੀ ਉਪਯੋਗ ਕਰਨ। ਇਸ ਨਾਲ ਨਾ ਕੇਵਲ ਖੇਤੀ ਦੀ ਲਾਗਤ ਘੱਟੇਗੀ ਬਲਕਿ ਮਿੱਟੀ ਵਿਚ ਪੌਸ਼ਣ ਤੱਤਾਂ ਦੇ ਸੰਤੁਲਨ ਸਪਲਾਈ ਵੀ ਯਕੀਨੀ ਬਣਾਏਗੀ। ਇਹ ਸਾਰੀਆਂ ਖਾਦਾਂ ਫ਼ਸਲਾਂ ਦੀ ਚੰਗੀ ਪੈਦਾਵਾਰ ਅਤੇ ਮਿੱਟੀ ਦੀ ਸਿਹਤ ਲਈ ਲਾਭਕਾਰੀ ਹੈ। ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨ ਮਸ਼ੀਨਾਂ ਨਾਲ ਝੋਨੇ ਦੀ ਕਟਾਈ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਵਾਤਾਵਰਣ ਦੀ ਸੰਭਾਲ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਰੀਆਂ ਕੰਬਾਇਨ ਮਸ਼ੀਨਾਂ ਵਿਚ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਜ਼ਰੂਰੀ ਕਰ ਦਿੱਤਾ ਹੈ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੰਡੀ ਵਿਚ ਗਿੱਲਾ ਝੋਨਾ ਲੈ ਕੇ ਨਾ ਆਉਣ, ਤਾਂ ਜੋ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।