ਫੂਡ ਸੇਫਟੀ ਅਫ਼ਸਰ ਨੇ ਸ਼ਾਮ ਚੁਰਾਸੀ ਵਿਖੇ 50 ਕਿਲੋ ਦੇ ਕਰੀਬ ਖਰਾਬ ਅਤੇ ਗਲੇ ਸੜੇ ਫਲਾਂ ਨੂੰ ਨਸ਼ਟ ਕਰਵਾਇਆ
ਹੁਸ਼ਿਆਰਪੁਰ 25 ਸਤੰਬਰ 2024 (TTT) ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਹੁਕਮਾਂ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ ਜਤਿੰਦਰ ਕੁਮਾਰ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਅਫਸਰ ਸ੍ਰੀ ਵਿਵੇਕ ਕੁਮਾਰ ਨੇ ਸੀਨੀਅਰ ਮੈਡੀਕਲ ਅਫਸਰ ਸ੍ਰੀ ਜਤਿੰਦਰ ਸਿੰਘ ਗਿੱਲ ਨਾਲ ਮਿਲ ਕੇ ਸ਼ਾਮ ਚੁਰਾਸੀ ਵਿਖੇ ਫਲਾਂ ਅਤੇ ਖਾਣ ਪੀਣ ਦੀਆਂ ਰੇਹੜੀਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਮੌਕੇ ਤੇ 50 ਕਿਲੋ ਦੇ ਕਰੀਬ ਖਰਾਬ ਅਤੇ ਗਲੇ ਸੜੇ ਫਲਾਂ ਨੂੰ ਨਸ਼ਟ ਕਰਵਾਇਆ ਗਿਆ। ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਨੇ ਦੱਸਿਆ ਕਿ ਰੇਹੜੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਕਰਿਆਨੇ ਦੀਆਂ ਦੁਕਾਨਾ ਤੋਂ 2 ਤੇਲ ਦੇ ਸੈਂਪਲ ਭਰੇ ਗਏ ਅਤੇ ਸੈਂਪਲਾਂ ਨੂੰ ਨਿਰੀਖਣ ਲਈ ਫੂਡ ਲੈਬ ਖਰੜ ਵਿਖੇ ਭੇਜ ਦਿੱਤਾ ਗਿਆ ਹੈ, ਜਿਨ੍ਹਾਂ ਤੇ ਅਗਲੇਰੀ ਕਾਰਵਾਈ ਸੈਂਪਲਾਂ ਦੀ ਰਿਪੋਰਟ ਦੇ ਪ੍ਰਾਪਤ ਹੋਣ ਉਪਰੰਤ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਅਧੀਨ ਕੀਤੀ ਜਾਵੇਗੀ।
ਫੂਡ ਸੇਫਟੀ ਅਫਸਰ ਵੱਲੋਂ ਫਲ ਸਬਜ਼ੀ ਵੇਚਣ ਵਾਲਿਆਂ, ਰੇਹੜੀਆਂ ਲਗਾਉਣ ਵਾਲਿਆਂ ਅਤੇ ਦੁਕਾਨਦਾਰਾਂ ਨੂੰ ਲਾਇਸੰਸ / ਰਜਿਸਟਰੇਸ਼ਣ ਕਰਵਾਉਣ ਲਈ ਅਤੇ ਖੁੱਲੇ ਪਏ ਸਮਾਨ ਨੂੰ ਢੱਕ ਕੇ ਰੱਖਣ ਲਈ ਕਿਹਾ ਗਿਆ। ਕੰਮ ਕਰਨ ਵਾਲੇ ਵਿਅਕਤੀਆਂ ਨੂੰ ਟੋਪੀਆਂ ਅਤੇ ਮਾਸਕ ਪਾ ਕੇ ਰੱਖਣ ਦੀ ਹਿਦਾਇਤ ਕੀਤੀ ਅਤੇ ਸਾਫ ਸਫਾਈ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ।