ਸਫ਼ਾਈ ਮੁਹਿੰਮ ਤਹਿਤ ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਲਈ ਫੂਡ ਸਟਰੀਟ ‘ਤੇ ਚੈਕਿੰਗ ਮੁਹਿੰਮ
ਹੁਸ਼ਿਆਰਪੁਰ, 19 ਸਤੰਬਰ:(TTT) ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 14 ਸਤੰਬਰ 2024 ਤੋਂ 2 ਅਕਤੂਬਰ 2024 ਤੱਕ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਵੱਖ-ਵੱਖ ਸਫ਼ਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਇਸ ਮੁਹਿੰਮ ਤਹਿਤ ਰੋਜ਼ਾਨਾ ਵੱਖ-ਵੱਖ ਸਫ਼ਾਈ ਕਾਰਜਾਂ ਨੂੰ ਯਕੀਨੀ ਬਣਾਇਆ ਗਿਆ ਹੈ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਅੱਜ ‘ਸਵੱਛਤਾ ਹੀ ਸੇਵਾ’ ਮੁਹਿੰਮ ਦੇ ਤੀਜੇ ਦਿਨ ਸ਼ਹਿਰ ਦੀਆਂ ਸਾਰੀਆਂ ਫੂਡ ਸਟਰੀਟਾਂ ‘ਤੇ ਸਿੰਗਲ ਯੂਜ਼ ਪਲਾਸਟਿਕ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਫਾਸਟ ਫੂਡ ਵਿਕਰੇਤਾਵਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਇਨ੍ਹਾਂ ਫੂਡ ਸਟਰੀਟਾਂ ‘ਤੇ ਸਫ਼ਾਈ ਮੁਹਿੰਮ ਵੀ ਚਲਾਈ ਗਈ ਅਤੇ ਸਾਰੀਆਂ ਥਾਵਾਂ ਦੀ ਸਫ਼ਾਈ ਕੀਤੀ ਗਈ |
ਡਾ. ਅਮਨਦੀਪ ਕੌਰ ਨੇ ਸ਼ਹਿਰ ਵਾਸੀਆਂ ਨੂੰ ਹੁਸ਼ਿਆਰਪੁਰ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਪਲਾਸਟਿਕ ਮੁਕਤ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਿਸੇ ਵੀ ਵਿਅਕਤੀ ਵੱਲੋਂ ਨਾ ਕੀਤੀ ਜਾਵੇ ਅਤੇ ਇਸ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ, ਤਾਂ ਜੋ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਅਤੇ ਸਾਫ਼-ਸੁਥਰਾ ਬਣਾਇਆ ਜਾ ਸਕੇ। ਇਸ ਮੌਕੇ ਨਗਰ ਨਿਗਮ ਦੇ ਸਮੂਹ ਸੈਨੇਟਰੀ ਇੰਸਪੈਕਟਰ, ਕਮਿਊਨਿਟੀ ਫੈਸੀਲੀਟੇਟਰ, ਸਬੰਧਤ ਸੁਪਰਵਾਈਜ਼ਰ ਅਤੇ ਹੋਰ ਨਿਗਮ ਕਰਮਚਾਰੀ ਹਾਜ਼ਰ ਸਨ।