ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਅਤੇ ਬੀ.ਐਸ.ਪੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਕਰਵਾਇਆ ਗਿਆ ਕਰੀਅਰ ਗਾਈਡੈਂਸ ਪ੍ਰੋਗਰਾਮ
ਹੁਸ਼ਿਆਰਪੁਰ, 17 ਸਤੰਬਰ :(TTT) ਜ਼ਿਲ੍ਹਾ ਰੋਜ਼ਗਾਰ ਅਫਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਅਤੇ ਬੀ.ਐਸ.ਪੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਕਰੀਅਰ ਸਬੰਧੀ ਕਰੀਅਰ ਗਾਈਡੈਂਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਕਰੀਅਰ ਗਾਈਡੈਂਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਯੰਗ ਪ੍ਰੋਫੈਸ਼ਨਲ, ਵਿਕਰਮ ਸਿੰਘ ਨੇ ਵਿਦਿਆਰਥੀਆਂ ਨੂੰ ਰੋਜ਼ਗਾਰ ਬਿਊਰੋ ਦੀ ਮਹੱਤਤਾ ਬਾਰੇ ਦੱਸਦੇ ਹੋਏ, ਰੋਜ਼ਗਾਰ ਬਿਊਰੋ ਰਾਹੀਂ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਿ ਬੱਚਿਆਂ ਦੇ ਭਵਿੱਖ ਦੇ ਕਰੀਅਰ ਲਈ ਕੀਤੀ ਜਾਂਦੀ ਕਰੀਅਰ ਕਾਊਂਸਲਿੰਗ, ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਵੱਖ—ਵੱਖ ਸਟ੍ਰੀਮਾਂ ਦੀ ਪੜ੍ਹਾਈ, ਆਈ.ਟੀ.ਆਈ. ਕੋਰਸ, ਡਿਪਲੋਮਾ ਅਤੇ ਡਿਗਰੀ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਪਲੇਸਮੈਂਟ ਸੈੱਲ ਦੁਆਰਾ ਕੀਤੇ ਜਾਂਦੇ ਨੌਕਰੀਆਂ ਦੇ ਉਪਰਾਲੇ, ਰੋਜ਼ਗਾਰ ਬਿਊਰੋ ਰਾਹੀਂ ਦਿੱਤੀ ਜਾਂਦੀ ਮੁਫ਼ਤ ਇੰਟਰਨੈੱਟ ਸੁਵਿਧਾ, ਸਵੈ—ਰੋਜ਼ਗਾਰ ਸਕੀਮਾਂ ਦੇ ਬਾਰੇ ਜਾਣਕਾਰੀ, ਸ਼ਾਰਟ—ਟਰਮ ਤਕਨੀਕੀ ਕੋਰਸਾਂ ਬਾਰੇ, ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਵੱਖ—ਵੱਖ ਨੌਕਰੀਆਂ ਅਤੇ ਬੈਂਕਿੰਗ ਸੈਕਟਰ ਦੀਆਂ ਨੌਕਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਨੈਸ਼ਨਲ ਕਰੀਅਰ ਸਰਵਿਸਜ਼ ਪੋਰਟਲ ਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਰੋਜ਼ਗਾਰ ਦਫਤਰ ਦੀ ਮੋਬਾਇਲ ਐਪ DBEE Hoshiarpur ਗੂਗਲ ਪਲੇਅ ਸਟੋਰ ਰਾਹੀਂ ਡਾਊਨਲੋਡ ਕਰਕੇ ਘਰ ਬੈਠੇ ਹੀ ਪ੍ਰਾਈਵੇਟ ਨੌਕਰੀਆਂ ਦੀ ਭਰਤੀ ਅਤੇ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲੈਣ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਕਰੀਅਰ ਸਬੰਧੀ ਹੁਣ ਤੋਂ ਹੀ ਆਪਣੀ ਪਲੈਨਿੰਗ ਬਣਾਉਣ ਲਈ ਕਿਹਾ ਗਿਆ ਅਤੇ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਰੋਜ਼ਗਾਰ ਬਿਊਰੋ ਨਾਲ ਸੰਪਰਕ ਕਰਨ ਲਈ ਕਿਹਾ ਗਿਆ।
ਇਸ ਤੋਂ ਉਪਰੰਤ ਫੂਡ ਕਰਾਫਟ ਇੰਸਟੀਚਿਊਟ (ਟੂਰੀਜ਼ਮ ਡਿਪਾਰਟਮੈਂਟ) ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੁਆਰਡੀਨੇਟਰ ਅਸ਼ਵਨੀ ਕੁਮਾਰ ਕੁੰਡਲ ਨੇ ਵਿਦਿਆਰਥੀਆਂ ਨੂੰ ਹੁਨਰ ਦੀ ਮਹੱਤਤਾ ਬਾਰੇ ਦੱਸਦੇ ਹੋਏ ਇਹ ਜਾਣਕਾਰੀ ਦਿੱਤੀ ਗਈ ਕਿ ਅੱਜ ਦੇ ਸਮੇਂ ਵਿੱਚ ਕੋਈ ਵੀ ਨੌਕਰੀ ਜਾਂ ਕਾਰੋਬਾਰ ਸ਼ੁਰੂ ਕਰਨ ਵਿੱਚ ਹੁਨਰ ਦਾ ਵਿਸ਼ੇਸ਼ ਮਹੱਤਵ ਹੈ ਅਤੇ ਹੁਸ਼ਿਆਰਪੁਰ ਜਿਲ੍ਹੇ ਦਾ ਫੂਡ ਕਰਾਫਟ ਇੰਸਟੀਚਿਊਟ ਪੂਰੇ ਭਾਰਤ ਦੇ 13 ਫੂਡ ਕਰਾਫਟ ਇੰਸਟੀਚਿਊਟਾਂ ਵਿੱਚੋਂ ਇੱਕ ਹੈ। ਇਸ ਵਿੱਚ ਵੱਖ—ਵੱਖ ਤਰ੍ਹਾਂ ਦੇ ਡਿਪਲੋਮਾ, ਡਿਗਰੀ ਅਤੇ ਸ਼ੋਰਟ ਟਰਮ ਕੋਰਸਿਸ ਕਰਾਏ ਜਾਂਦੇ ਹਨ ਅਤੇ ਇਨ੍ਹਾਂ ਕੋਰਸਿਸ ਕਰਨ ਦੌਰਾਨ ਵਿਦਿਆਰਥੀਆਂ ਦੀ ਨਾਮੀ 5 ਸਤਾਰਾ ਹੋਟਲਾਂ ਵਿੱਚ ਆਨ ਜਾਬ ਟ੍ਰੇਨਿੰਗ ਕਰਵਾਈ ਜਾਂਦੀ ਹੈ, ਟ੍ਰੇਨਿੰਗ ਉਪਰੰਤ ਇਨ੍ਹਾਂ ਹੋਟਲਾਂ ਦੁਆਰਾ ਹੀ ਨੌਕਰੀ ਵੀ ਦੇ ਦਿੱਤੀ ਜਾਂਦੀ ਹੈ। ਅਸ਼ਵਨੀ ਕੁਮਾਰ ਕੁੰਡਲ ਨੇ ਇਹ ਵੀ ਦੱਸਿਆ ਕਿ ਨੌਕਰੀ ਤੋਂ ਇਲਾਵਾ ਵਿਦਿਆਰਥੀ ਆਪਣੇ ਸਵੈ ਰੋਜ਼ਗਾਰ ਦਾ ਕੰਮ ਵੀ ਸ਼ੁਰੂ ਕਰ ਸਕਦੇ ਹਨ ਅਤੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਵੀ ਇਨ੍ਹਾਂ ਕੋਰਸਾਂ ਰਾਹੀਂ ਰੋਜ਼ਗਾਰ ਹਾਸਲ ਕਰ ਸਕਦੇ ਹਨ।
ਇਸ ਕਰੀਅਰ ਗਾਈਡੈਂਸ ਪ੍ਰੋਗਰਾਮ ਦੌਰਾਨ ਸਬੰਧਤ ਸਕੂਲ ਦੇ ਸਮੂਹ ਸਟਾਫ ਅਤੇ ਤਕਰੀਬਨ 155 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਇਸ ਪ੍ਰੋਗਰਾਮ ਵਿਚ ਭਾਗ ਲਿਆ। ਇਸ ਮੌਕੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਰਘੁਬੀਰ ਸਿੰਘ ਅਤੇ ਪ੍ਰਿੰਸੀਪਲ ਬੀ.ਐਸ.ਪੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਲਖਵਿੰਦਰ ਸਿੰਘ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸੈਮੀਨਾਰ ਲਗਾਉਣ ਲਈ ਕਿਹਾ ਗਿਆ।