ਸਾਹਿਤ ਸਭਾ ਦੀ ਮੀਟਿੰਗ ‘ਚ ਚੱਲਿਆ ਰਚਨਾਵਾਂ ਦਾ ਦੌਰ
ਹੁਸ਼ਿਆਰਪੁਰ, 16 ਸਤੰਬਰ:(TTT) ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ (ਰਜਿ:) ਦੀ ਅਹਿਮ ਮੀਟਿੰਗ ਪ੍ਰਧਾਨ ਜਸਬੀਰ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭਾ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਸਭਾ ਵਿਚ ਸ਼ਾਮਿਲ ਹੋਏ ਨਵੇਂ ਸਿਖਾਂਦਰੂਆਂ ਨੂੰ ਸਭਾ ਦੇ ਇਤਿਹਾਸ ਬਾਰੇ ਦੱਸਦਿਆਂ ਜਨਰਲ ਸਕੱਤਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਰਜਿਟਰਡ ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ 1969 ਤੋਂ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਇਸ ਮੌਕੇ ਸਭਾ ਦੇ ਸਾਰੇ ਮੈਂਬਰਾਂ ਦੀ ਜਾਣ ਪਛਾਣ ਕਰਾਉਂਦਿਆਂ ਉਨ੍ਹਾਂ ਦੀਆਂ ਸਾਹਿਤਕ ਗਤੀਵਿਧੀਆਂ ਨਾਲ ਵੀ ਤੁਆਰਫ਼ ਕਰਵਾਇਆ। ਉਪਰੰਤ ਚੱਲੇ ਰਚਨਾਵਾਂ ਦੇ ਦੌਰ ਵਿੱਚ ਡਾ. ਸ਼ਮਸ਼ੇਰ ਮੋਹੀ, ਹਰਦਿਆਲ ਹੁਸ਼ਿਆਰਪੁਰੀ, ਸੁਰਿੰਦਰ ਕੰਗਵੀ, ਤੀਰਥ ਚੰਦ ਸਰੋਆ, ਹਰਵਿੰਦਰ ਸਾਬੀ, ਲੈਕ. ਲਖਵਿੰਦਰ ਰਾਮ, ਉਪ ਕਮਾਂਡਰ ਮਨਿੰਦਰ ਸਿੰਘ ਹੀਰਾ, ਪ੍ਰਿੰਸੀਪਲ ਗੁਰਦਿਆਲ ਸਿੰਘ ਫੁੱਲ, ਜਸਵੰਤ ਸਿੰਘ ਨੇ ਕਵਿਤਾਵਾਂ ਅਤੇ ਗ਼ਜ਼ਲਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਡਾ. ਜਸਵੰਤ ਰਾਏ ਨੇ ‘ਇੱਕ ਬੱਤੀ ਵਾਲਾ ਮੀਟਰ’, ਡਾ. ਦਰਸ਼ਨ ਸਿੰਘ ਨੇ ‘ਆਲ਼ੇ ਪਿਆ ਚਿਰਾਗ਼’, ਸਤੀਸ਼ ਕੁਮਾਰ ਨੇ ‘ਪ੍ਰਸ਼ਾਦ’ ਅਤੇ ਭੁਪਿੰਦਰ ਕੌਰ ਨੇ ‘ਗੁਲਾਬੀ ਰੰਗ’ ਕਹਾਣੀਆਂ ਪੜ੍ਹੀਆਂ। ਪ੍ਰਸਿੱਧ ਕਹਾਣੀਕਾਰਾ ਤ੍ਰਿਪਤਾ ਕੇ ਸਿੰਘ ਪੜ੍ਹੀਆਂ ਕਹਾਣੀਆਂ ‘ਤੇ ਆਪਣੀ ਰਾਇ ਦਿੰਦਿਆਂ ਕਿਹਾ ਕਿ ਸਾਰੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਵਿਚ ਪਾਠਕ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੀ ਕਮਾਲ ਦਾ ਤਲਿਸਮ ਹੈ। ਮੇਰੇ ਵੱਲੋਂ ਸਾਰੇ ਕਹਾਣੀਕਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ।
ਇਸ ਮੌਕੇ ਜੀ.ਬੀ.ਸੀ ਚੈਨਲ ਤੋਂ ਜਤਿੰਦਰ ਪ੍ਰਿੰਸ ਅਤੇ ਪੱਤਰਕਾਰ ਚੀਮਾ ਵੱਲੋਂ ਸਾਹਿਤ ਸਭਾ ਦੇ ਸਾਰੇ ਸਮਾਗਮ ਦੀ ਰਿਕਾਰਡਿੰਗ ਕੀਤੀ ਗਈ। ਸਭਾ ਦੇ ਪ੍ਰਧਾਨ ਜਸਬੀਰ ਸਿੰਘ ਧੀਮਾਨ ਨੇ ਪੇਸ਼ ਨਜ਼ਮਾਂ ‘ਤੇ ਆਪਣੀਆਂ ਭਾਵਪੂਰਤ ਟਿੱਪਣੀਆਂ ਦਿੱਤੀਆਂ ਅਤੇ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਲਈ ਧੰਨਵਾਦੀ ਸ਼ਬਦ ਆਖੇ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਡਾ. ਕਰਮਜੀਤ ਸਿੰਘ, ਡਾ ਅਜੀਤ ਸਿੰਘ ਜੱਬਲ, ਅਨਹਦਨਾਦ ਕੌਰ ਅਤੇ ਰਵਨੂਰ ਕੌਰ ਆਦਿ ਹਾਜ਼ਰ ਸਨ।