ਪਰਾਲੀ ਪ੍ਰਬੰਧਨ ’ਚ ਅਗਾਂਹਵਧੂ ਕਿਸਾਨ ਬਣ ਕੇ ਉਭਰਿਆ ਹੈ ਪਿੰਡ ਖਿਆਲਾ ਬੁਲੰਦਾ ਦਾ ਸੁਖਪ੍ਰੀਤ ਸਿੰਘ
ਹੁਸ਼ਿਆਰਪੁਰ, 16 ਸਤੰਬਰ:(TTT) ਬਲਾਕ ਭੂੰਗਾ ਦੇ ਪਿੰਡ ਖਿਆਲਾ ਬੁਲੰਦਾ ਦੇ ਸੁਖਪ੍ਰੀਤ ਸਿੰਘ ਨੇ ਪਰਾਲੀ ਪ੍ਰਬੰਧਨ ਦੇ ਖੇਤਰ ਵਿਚ ਇਕ ਮਿਸਾਲ ਕਾਇਮ ਕੀਤੀ ਹੈ। ਬਲਾਕ ਭੂੰਗਾ ਦੇ ਸੁਖਪ੍ਰੀਤ ਸਿੰਘ ਪਿਛਲੇ 4-5 ਸਾਲਾਂ ਤੋਂ ਆਪਣੇ ਖੇਤਾਂ ਵਿਚ ਪਰਾਲੀ ਦੀ ਸੰਭਾਲ ਕਰ ਰਹੇ ਹਨ ਅਤੇ ਹੋਰ ਕਿਸਾਨਾਂ ਲਈ ਪ੍ਰੇਰਨਾ ਬਣ ਚੁੱਕੇ ਹਨ।
ਸੁਖਪ੍ਰੀਤ ਸਿੰਘ ਕੋਲ ਲਗਭਗ 80 ਏਕੜ ਜ਼ਮੀਨ ਹੈ, ਜਿਸ ਵਿਚੋਂ 15-18 ਏਕੜ ’ਤੇ ਉਹ ਕਣਕ ਅਤੇ ਝੋਨੇ ਦੀ ਖੇਤੀ ਕਰਦਾ ਹੈ, ਜਦਕਿ ਬਾਕੀ ਜ਼ਮੀਨ ਵਿਚ ਗੰਨਾ, ਮਟਰ ਅਤੇ ਸਰੋਂ ਦੀ ਫਸਲ ਉਗਾਉਂਦਾ ਹੈ। ਉਹ ਪਰਾਲੀ ਪ੍ਰਬੰਧਨ ਲਈ ਖੇਤ ਵਿਚ ਹੀ ਪਰਾਲੀ ਨੂੰ ਮਿਲਾਉਂਦਾ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ। ਇਸ ਦੇ ਨਾਲ ਹੀ ਸੁਖਪ੍ਰੀਤ ਸਿੰਘ ਹੋਰ ਕਿਸਾਨਾਂ ਦੀ ਵੀ ਸਹਾਇਤਾ ਕਰਦੇ ਹਨ, ਉਨ੍ਹਾਂ ਮਲਚਰ ਅਤੇ ਸੁਪਰ ਸੀਡਰ ਵਰਗੀਆਂ ਮਸ਼ੀਨਾਂ ਕਿਰਾਏ ’ਤੇ ਉਪਲਬੱਧ ਕਰਵਾਉਂਦੇ ਹਨ। ਸੁਖਪ੍ਰੀਤ ਸਿੰਘ ਨੇ ਪਿਛਲੇ ਸਾਲ ਲਗਭਗ 160 ਏਕੜ ਜ਼ਮੀਨ ’ਤੇ ਸੁਪਰ ਸੀਡਰ ਨਾਲ ਪਰਾਲੀ ਨੂੰ ਖੇਤਾਂ ਵਿਚ ਮਿਲਾਇਆ ਸੀ। ਇਸ ਪ੍ਰਕਿਰਿਆ ਨਾਲ ਕਣਕ ਦੀ ਬਿਜਾਈ ਬਿਨਾ ਵਾਹੀ ਬਹੁਤ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ, ਜਿਸ ਨਾਲ ਸਮੇਂ ਅਤੇ ਧੰਨ ਦੀ ਬੱਚਤ ਹੁੰਦੀ ਹੈ। ਪਰਾਲੀ ਨੂੰ ਮਿੱਟੀ ਵਿਚ ਮਿਲਾਉਣ ਨਾਲ ਜੈਵਿਕ ਮਾਦੇ ਵਿਚ ਵਾਧਾ ਹੋ ਜਾਂਦਾ ਹੈ ਅਤੇ ਨਦੀਨਾ ਦੀ ਸਮੱਸਿਆ ਵੀ ਨਾ ਦੇ ਬਰਾਬਰ ਹੁੰਦੀ ਹੈ, ਜਿਸ ਨਾਲ ਕੀਟਨਾਸ਼ਕ ਦਾ ਖਰਚਾ ਵੀ ਘੱਟ ਹੋ ਜਾਂਦਾ ਹੈ।
ਸੁਖਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਨੂੰ ਜਲਾਉਣ ਦੀ ਬਜਾਏ ਉਸ ਦਾ ਪ੍ਰਬੰਧਨ ਕਰਕੇ ਨਾ ਕੇਵਲ ਖੇਤੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ, ਬਲਕਿ ਵਾਤਾਵਰਣ ਨੂੰ ਵੀ ਸਾਫ਼-ਸੁਥਰਾ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਨੂੰ ਅਪਨਾ ਕੇ ਆਪਣੇ ਅਤੇ ਵਾਤਾਵਰਣ ਦੇ ਹਿੱਤ ਵਿਚ ਕੰਮ ਕਰਨ।