ਅੱਜ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਦੀ ਬ੍ਰਾਂਚ ਬੱਸੀ ਦੌਲਤ ਖਾਂ ਦੀ ਕਾਨਫਰੰਸ ਕਾਮਰੇਡ ਰਾਜ
ਹੁਸ਼ਿਆਰਪੁਰ:(TTT) ਅੱਜ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਦੀ ਬ੍ਰਾਂਚ ਬੱਸੀ ਦੌਲਤ ਖਾਂ ਦੀ ਕਾਨਫਰੰਸ ਕਾਮਰੇਡ ਰਾਜ ਰਾਣੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਸਭ ਤੋਂ ਪਹਿਲਾਂ ਪਿਛਲੇ ਸਮੇਂ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ.(ਐਮ) ਦੇ ਸੂਬਾ ਕਮੇਟੀ ਮੈਂਬਰ ਸਾਥੀ ਗੁਰਮੇਸ਼ ਸਿੰਘ ਨੇ ਕਮਿਊਨਿਸਟ ਲਹਿਰ ਅੰਦਰ ਬੁਨਿਆਦੀ ਯੂਨਿਟ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਪਾਰਟੀ ਦਾ 90ਫੀ ਸਦੀ ਹਿੱਸਾ ਬਰਾਂਚਾ ਵਿੱਚ ਕੰਮ ਕਰਦਾ ਹੈ। ਪਾਰਟੀ ਵਲੋਂ ਤਹਿ ਕੀਤੇ ਗਏ ਲੋਕ ਜਮਹੂਰੀ ਮੋਰਚੇ ਦੀ ਉਸਾਰੀ ਪਿੰਡ ਪੱਧਰ ਤੋਂ ਹੀ ਹੋਣੀ ਹੈ। ਇਸ ਲਈ ਬ੍ਰਾਂਚ ਦੇ ਸਾਥੀਆਂ ਨੂੰ ਜਿਥੇ ਹਰ ਮਹੀਨੇ ਆਪਣੀ ਮੀਟਿੰਗ ਕਰਨੀ ਜ਼ਰੂਰੀ ਹੈ, ਉਥੇ ਜਨਤਕ ਜੱਥੇਬੰਦੀਆਂ – ਖੇਤ ਮਜ਼ਦੂਰ ਯੂਨੀਅਨ, ਕਿਸਾਨ ਸਭਾ, ਜਨਵਾਦੀ ਇਸਤਰੀ ਸਭਾ ਅਤੇ ਨੌਜਵਾਨਾਂ ਨੂੰ ਉਹਨਾਂ ਦੀਆਂ ਜੱਥੇਬੰਦੀਆਂ ਵਿੱਚ ਪਰੋ ਕੇ ਸੰਘਰਸ਼ਾਂ ਵਿੱਚੋਂ ਉੱਭਰ ਕੇ ਆਏ ਨਵੇਂ ਸਾਥੀਆਂ ਨੂੰ ਉਮੀਦਵਾਰ ਮੈਂਬਰ ਬਣਾ ਕੇ ਪਾਰਟੀ ਅੰਦਰ ਸ਼ਾਮਲ ਕੀਤੇ ਬਗੈਰ ਪਾਰਟੀ ਦਾ ਪਸਾਰਾ ਨਹੀਂ ਕੀਤਾ ਜਾ ਸਕਦਾ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਸਾਥੀ ਧਨਪਤ ਨੂੰ ਬ੍ਰਾਂਚ ਸਕੱਤਰ ਚੁਣ ਲਿਆ ਗਿਆ। ਬ੍ਰਾਂਚ ਸਕੱਤਰ ਚੁਣੇ ਜਾਣ ਤੋਂ ਬਾਅਦ ਸਾਥੀ ਧਨਪਤ ਨੇ ਦੱਸਿਆ ਕਿ ਦੋ ਤਹਿਸੀਲ ਕਮੇਟੀ ਮੈਂਬਰਾਂ ਤੋਂ ਇਲਾਵਾ ਸਾਥੀ ਰਾਮ ਲਾਲ ਅਤੇ ਸਾਥੀ ਰਾਮ ਨਿਵਾਸ ਨੂੰ ਤਹਿਸੀਲ ਕਾਨਫਰੰਸ ਲਈ ਡੈਲੀਗੇਟ ਚੁਣ ਲਿਆ ਗਿਆ ਹੈ। ਕਿਉਂਕਿ 10 ਅਕਤੂਬਰ ਨੂੰ ਤਹਿਸੀਲ ਹੁਸ਼ਿਆਰਪੁਰ ਦੀ ਕਾਨਫਰੰਸ ਬੱਸੀ ਦੌਲਤ ਖਾਂ ਵਿਖੇ ਕੀਤੀ ਜਾਣੀ ਹੈ, ਉਸ ਦੀ ਤਿਆਰੀ ਸਬੰਧੀ ਵੀ ਯੋਜਨਾਬੰਦੀ ਕੀਤੀ ਗਈ। ਇਸ ਸਮੁੱਚੀ ਕਾਰਵਾਈ ਸਮੇਂ ਸਾਥੀ ਬਲਵਿੰਦਰ ਸਿੰਘ ਵੀ ਹਾਜ਼ਰ ਸਨ।