ਨਾਬਾਲਗ ਬੱਚੇ ਵਾਹਨ ਚਲਾਉਣ ‘ਤੇ ਮਾਪਿਆਂ ਨੂੰ 25000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਕੈਦ
(TTT) ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੋਪਹੀਆ ਜਾਂ ਚਾਰਪਹੀਆ ਵਾਹਨ ਨਹੀਂ ਚਲਾ ਸਕਣਗੇ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ ਕਿਉਂਕਿ ਸਰਕਾਰ ਵੱਲੋਂ ਇਸ ਸਬੰਧ ਵਿੱਚ ਬਣਾਏ ਗਏ ਕਾਨੂੰਨ ਅਨੁਸਾਰ ਜੇਕਰ ਕੋਈ ਨਾਬਾਲਗ ਬੱਚਾ ਵਾਹਨ ਚਲਾਉਂਦਾ ਪਾਇਆ ਗਿਆ ਤਾਂ ਉਸ ਦੇ ਮਾਪਿਆਂ ਨੂੰ 25000 ਰੁਪਏ ਦਾ ਜੁਰਮਾਨਾ ਅਤੇ 3 ਸਾਲ ਦੀ ਕੈਦ ਹੋ ਸਕਦੀ ਹੈ। ਸ੍ਰੀ ਅਰੋੜਾ ਨੇ ਦੱਸਿਆ ਕਿ ਜੇਕਰ ਕੋਈ ਨਾਬਾਲਗ ਆਪਣੇ ਕਿਸੇ ਰਿਸ਼ਤੇਦਾਰ ਜਾਂ ਹੋਰ ਕਿਸੇ ਤੋਂ ਵਾਹਨ ਲੈ ਕੇ ਜਾਂਦਾ ਹੈ ਤਾਂ ਵਾਹਨ ਦੇ ਮਾਲਕ ਨੂੰ ਵੀ ਉਨ੍ਹਾਂ ਹੀ ਸਜ਼ਾ ਹੋਵੇਗੀ।
ਅਰੋੜਾ ਨੇ ਦੱਸਿਆ ਕਿ 21 ਅਗਸਤ ਤੋਂ ਬਾਅਦ ਇਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ। ਸਰਕਾਰ ਨੇ ਇਸ ਲਈ ਕਾਫੀ ਸਮਾਂ ਦਿੱਤਾ ਹੈ। ਹੁਣ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਕਾਨੂੰਨ ਦੀ ਪਾਲਣਾ ਕਰੀਏ ਅਤੇ ਆਪਣੇ ਬੱਚਿਆਂ ਨੂੰ ਵਾਹਨ ਨਾ ਦੇਈਏ। ਅਰੋੜਾ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰ ਆਪਣੇ-ਆਪਣੇ ਮੁਹੱਲਿਆਂ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਕਾਨੂੰਨ ਬਾਰੇ ਜਾਗਰੂਕ ਕਰ ਰਹੇ ਹਨ ਅਤੇ ਹੁਣ ਫੈਸਲਾ ਲਿਆ ਗਿਆ ਹੈ ਕਿ ਸਕੂਲਾਂ ਵਿੱਚ ਜਾ ਕੇ ਵੀ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲ ਦੇ ਸਟਾਫ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਰੋਜ਼ਾਨਾ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ। ਜੇਕਰ ਫਿਰ ਵੀ ਕੋਈ ਨਾਬਾਲਗ ਵਾਹਨ ਲੈ ਕੇ ਸਕੂਲ ਆਉਂਦਾ ਹੈ ਤਾਂ ਉਸ ਦੀ ਸੂਚਨਾ ਟ੍ਰੈਫਿਕ ਪੁਲਿਸ ਨੂੰ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ।