ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਲੋਕ ਦਰਬਾਰ ਦੌਰਾਨ ਸੁਣੀਆਂ ਲੋਕਾਂ ਦੀਆਂ ਸ਼ਿਕਾਇਤ
ਹੁਸ਼ਿਆਰਪੁਰ, 12 ਅਗਸਤ:(TTT) ਦਫ਼ਤਰ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵਿਖੇ ਚੇਅਰਮੈਨ ਹਰਮੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਲੋਕ ਦਰਬਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਟਰੱਸਟ ਦੀ ਵਿਕਾਸ ਸਕੀਮ ਨੰਬਰ 2 ਰਾਜੀਵ ਗਾਂਧੀ ਇਨਕਲੇਵ ਦੇ ਅਲਾਟੀ/ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਸ਼ਹਿਰ ਵਾਸੀਆਂ ਵੱਲੋਂ ਸਕੀਮ ਦੀਆਂ ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ ਅਤੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਮੀਟ, ਮੱਛੀ ਦੇ ਨਜਾਇਜ਼ ਖੋਖਿਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ। ਮੁਹੱਲੇ ਦੇ ਕੌਂਸਲਰ ਬਲਵਿੰਦਰ ਬਿੰਦੀ ਦੀ ਬੇਨਤੀ ’ਤੇ ਚੇਅਰਮੈਨ ਵੱਲੋਂ ਸਮੇਤ ਕਾਰਜ ਸਾਧਕ ਅਫ਼ਸਰ ਅਤੇ ਸਟਾਫ਼ ਦੇ ਮੌਕੇ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਸਮੱਸਿਆਵਾਂ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ। ਸੀਵਰੇਜ ਦੀ ਸਮੱਸਿਆ ਸਬੰਧੀ ਮੇਅਰ ਸੁਰਿੰਦਰ ਕੁਮਾਰ ਨੂੰ ਜਾਣੂ ਕਰਵਾਇਆ ਗਿਆ। ਮੇਅਰ ਵੱਲੋਂ ਉਚਿੱਤ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਗਿਆ। ਸਕੀਮ ਵਿਚ ਲੱਗੇ ਨਜਾਇਜ਼
ਖੋਖੇ/ਕਬਜ਼ੇ ਹਟਾਉਣ ਦੀ ਸ਼ੁਰੂਆਤ ਕੀਤੀ ਗਈ।
ਚੇਅਰਮੈਨ ਔਲਖ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ- ਨਿਰਦੇਸ਼ਾ ਤਹਿਤ ਸਥਾਨਕ ਸਰਕਾਰ ਮੰਤਰੀ ਬਲਕਾਰ ਸਿੰਘ ਦੀ ਰਹਿਨੁਮਾਈ ਅਤੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਗਤੀਸ਼ੀਲ ਅਗਵਾਈ ਹੇਠ ਨਗਰ ਸੁਧਾਰ ਟਰੱਸਟ ਵੱਲੋਂ ਸ਼ਹਿਰ ਦੇ ਵਿਉਂਤ ਬੱਧ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ’ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਕਾਰਜ ਸਾਧਕ ਅਫ਼ਸਰ ਪਰਮਜੀਤ ਸਿੰਘ, ਸਹਾਇਕ ਟਰੱਸਟ ਇੰਜੀਨੀਅਰ ਮਨਦੀਪ ਆਦੀਆ, ਸੀਨੀਅਰ ਸਹਾਇਕ ਸੰਜੀਵ ਕਾਲੀਆ, ਕੌਂਸਲਰ ਬਲਵਿੰਦਰ ਬਿੰਦੀ, ਚੰਦਨ ਲੱਕੀ ਅਤੇ ਹੋਰ ਮੁਹੱਲਾ ਨਿਵਾਸੀ ਮੌਜੂਦ ਸਨ।