ਪਿੰਡ ਜੇਜੋਂ ‘ਚ ਹੜ੍ਹ ਕਾਰਨ 10 ਲੋਕਾਂ ਦੀ ਮੌਤ, ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਨੇ ਪ੍ਰਗਟਾਇਆ ਦੁੱਖ
(TTT) ਪਿੰਡ ਜੇਜੋਂ ਨੇੜੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿਸ ਵਿੱਚ ਦੋ ਪਰਿਵਾਰਾਂ ਦੇ 10 ਲੋਕ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਏ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਨੇ ਦੁਖੀ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਇਸ ਔਖੀ ਘੜੀ ਵਿੱਚ ਮਦਦ ਅਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਚਾਅ ਕਾਰਜ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਸਿਵਲ ਹਸਪਤਾਲ ਗੜ੍ਹਸ਼ੰਕਰ ਦਾ ਦੌਰਾ ਕੀਤਾ ਅਤੇ ਬਚਾਏ ਗਏ ਨੌਜਵਾਨ ਦੀਪਕ ਦਾ ਹਾਲ-ਚਾਲ ਪੁੱਛਿਆ। ਇਹ ਸਾਰੇ ਲੋਕ ਹਿਮਾਚਲ ਰਾਜ ਦੇ ਊਨਾ ਜ਼ਿਲ੍ਹੇ ਤੋਂ ਜਿਲ੍ਹਾ ਨਵਾਂਸ਼ਹਿਰ ਜੇਜੋਂ ਦੇ ਰਸਤੇ ਰਾਹੀਂ ਜਾ ਰਹੇ ਸਨ ਕਿ ਅਚਾਨਕ ਚੋਅ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਐਮਪੀ
ਚੱਬੇਵਾਲ ਨੇ ਵਸਨੀਕਾਂ ਨੂੰ ਬਹੁਤ ਸਾਵਧਾਨੀ ਵਰਤਣ ਅਤੇ ਤੇਜ਼ ਪਾਣੀ ਦੇ ਵਹਾ ਵਾਲੇ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰ ਚੱਬੇਵਾਲ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹੈ, ਟੀਮਾਂ ਲਾਪਤਾ ਲੋਕਾਂ ਨੂੰ ਲੱਭਣ ਅਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਜੋਂ’ਚ ਦੋ ਨਵੇਂ ਪੁਲ ਬਣਾਏ ਜਾਣਗੇ ਤਾਂ ਜੋ ਭਵਿੱਖ ਵਿੱਚ ਇਸ ਖੇਤਰ ਵਿੱਚ ਦੁਬਾਰਾ ਕੋਈ ਘਟਨਾ ਨਾ ਵਾਪਰੇ । ਉਨ੍ਹਾਂ ਦੱਸਿਆ ਕਿ ਇਲਾਕੇ ਦੇ ਨੌਜਵਾਨਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਹੜ੍ਹਾਂ ਵਿੱਚ ਵਹਿ ਗਏ ਲੋਕਾਂ ਨੂੰ ਬਚਾਉਣ ਲਈ ਬਹੁਤ ਯਤਨ ਕੀਤੇ ਹਨ ।ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ।