ਅਧਿਆਪਕ, ਵਿਦਿਆ ਤੇ ਵਿਦਿਆਰਥੀ ਦਾ ਰਿਸ਼ਤਾ
ਵਕਤ-ਵਕਤ ਦੀ ਗੱਲ ਹੁੰਦੀ ਹੈ। ਕੋਈ ਜਮਾਨਾ ਸੀ ਜਦੋਂ ਅਧਿਆਪਕ, ਵਿਦਿਆਰਥੀ ਅਤੇ ਵਿਦਿਆ ਵਿਚਕਾਰਲਾ ਰਿਸ਼ਤਾ ਨਿਰਸਵਾਰਥ, ਪਵਿਤਰ, ਨਿਰਛੱਲ ਅਤੇ ਸਨਮਾਨਜਨਕ ਹੁੰਦਾ ਸੀ। ਅਧਿਆਪਕ ਨੂੰ ਭਾਰਤੀ ਪ੍ਰੰਪਰਾ ਮੁਤਾਬਕ ਗੁਰੂ ਦਾ ਸਤਿਕਾਰਯੋਗ ਦਰਜਾ ਹੁੰਦਾ ਸੀ । ਜੋ ਕਿ ਮਾਤਾ-ਪਿਤਾ ਨਾਲੋਂ ਵੀ ਵੱਧ ਮਹੱਤਵ ਰੱਖਦਾ ਸੀ। ਵਿਦਿਆ ਨੂੰ ਪੂਜਣਯੋਗ ਨਿਆਮਤ ਦਾ ਦਰਜਾ ਤੇ ਵਿਦਿਆਰਥੀ ਨੂੰ ਵਿਦਿਆ ਹਾਸਿਲ ਕਰਨ ਵਾਲਾ ਤੇ ਵਿਦਿਆ ਦੇ ਅਰਥ ਪ੍ਰਾਪਤ ਕਰਨ ਵਾਲੇ ਜਗਿਆਸੂ ਦਾ ਦਰਜਾ ਹਾਸਿਲ ਸੀ । ਸਮਾਜ ਇਹਨਾਂ ਤਿੰਨਾਂ ਨੂੰ ਪਵਿੱਤਰਤਾ ਦੀ ਨਜਰ ਨਾਲ ਵੇਖਦਾ ਸੀ । ਭਾਵੇਂ ਉਸ ਸਮੇਂ ਵਿਦਿਆ ਕੁਝ ਸੀਮਿਤ ਲੋਕਾਂ ਦੁਆਰਾ ਅਤੇ ਕੁਝ ਸੀਮਿਤ ਲੋਕਾਂ ਨੂੰ ਹੀ ਪ੍ਰਦਾਨ ਕੀਤੀ ਜਾਂਦੀ ਸੀ ।
ਪਰ ਜਿਵੇਂ ਹੀ ਮਸ਼ੀਨੀਕਰਨ ਤੇ ਸ਼ਹਿਰੀਕਰਨ ਯੁੱਗ ਆਇਆ, ਉਵੇਂ ਹੀ ਪੱਛਮੀ ਰਹਿਣ- ਸਹਿਣ, ਸੋਚਣੀ, ਨਜਰਿਆ ਆਦਿ ਭਾਰਤੀ ਜੀਵਨ ਸ਼ੈਲੀ ਉੱਤੇ ਭਾਰੂ ਹੋਣ ਲੱਗੇ। ਜਿਸ ਦੇ ਪ੍ਰਭਾਵ ਹੇਠ ਵਿਦਿਆ ਪ੍ਰਦਾਨ ਤੇ ਪ੍ਰਾਪਤ ਕਰਨ ਦਾ ਹਕ ਚੋਣਵੇਂ ਲੋਕਾਂ ਦੇ ਸੀਮਿਤ ਦਾਇਰੇ ਤੋਂ ਬਾਹਰ ਨਿਕਲ ਕੇ ਆਮ ਲੋਕਾਂ ਨੂੰ ਹਾਸਿਲ ਹੋਇਆ। ਜਿਸਦੇ ਸਿੱਟੇ ਵਜੋਂ ਸਮਾਜ ਦੇ ਹਰ ਵਰਗ ਨੂੰ ਵਿਦਿਆ ਪੜ੍ਹਨ ਤੇ ਪੜ੍ਹਾਉਣ ਦਾ ਮੌਕਾ ਮਿਲਿਆ ।
ਪਰ ਪਿਛਲੇ ਕੁਝ ਸਮੇਂ ਤੋਂ ਵਿਦਿਆ ਨੂੰ ਦਾਨ ਦੀ ਦਾਤ ਤੋਂ ਵਪਾਰ ਦੀ ਵਸਤੂ ਬਣਾਉਣ ਦਾ ਰੁਝਾਨ ਵਧਣ ਲੱਗ ਪਿਆ। ਵਿਦਿਆ ਦਾ ਵਪਾਰੀਕਰਨ ਹੋਣ ਲੱਗ ਪਿਆ। ਸਮਝਿਆ ਜਾਣ ਲੱਗ ਪਿਆ ਕਿ ਜਿੰਨੀ ਮਹਿੰਗੀ ਵਿਦਿਆ ਕੋਈ ਹਾਸਿਲ ਕਰੇਗਾ, ਉਤਨੀ ਹੀ ਵੱਧ ਕਮਾਈ ਕਰੇਗਾ ਤੇ ਇਸ ਨੂੰ ਆਪਣੇ ਮੂਲ ਮਨੋਰਥ ਗਿਆਨ ਦੇ ਪ੍ਰਸਾਰ ਤੋਂ ਬਾਂਝਾ ਕਰਕੇ ਕੇਵਲ ਕਮਾਈ ਦੇ ਸਾਧਨ ਵਜੋਂ ਪੇਸ਼ ਕੀਤਾ ਜਾਣ ਲੱਗ ਪਿਆ।
ਇਸ ਦੇ ਸਿੱਟੇ ਵਜੋਂ ਅਧਿਆਪਕ, ਵਿਦਿਆ ਤੇ ਵਿਦਿਆਰਥੀ ਵਿਚਕਾਰਲੇ ਪਹਿਲਾਂ ਵਾਲੇ ਪਵਿੱਤਰ ਤੇ ਸਤਿਕਾਰਯੋਗ ਰਿਸ਼ਤੇ ਦਾ ਰੰਗ ਹੋਲੀ-ਹੋਲੀ ਫਿੱਕਾ ਹੋਣ ਲੱਗ ਪਿਆ ਤੇ ਅੱਜ ਅਧਿਆਪਕ (“ਕੁਝ ਚੰਦ ਕੁ ਅਧਿਆਪਕਾਂ ਨੂੰ ਛੱਡ ਕੇ”) ਵੀ ਵਿਦਿਆ ਨੂੰ ਦਾਨ ਕਰਨ ਦੀ ਥਾਂ ਇਸਨੂੰ ਵੇਚ ਕੇ ਪੈਸੇ ਵੱਟਣ ਵਿੱਚ ਰੁਝੇ ਹੋਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੈਸਾ ਜਿੰਦਗੀ ਵਿੱਚ ਬਹੁਤ ਮਹੱਤਵ ਰੱਖਦਾ ਹੈ, ਪਰ ਇਸ ਦੀ ਖਾਤਿਰ ਵਿਦਿਆ ਵਰਗੇ ਪਵਿੱਤਰ ਸੰਕਲਪ ਦੀ ਆਦਰਸ਼ਤਾ ਨੂੰ ਦਾਅ ‘ਤੇ ਲਾਉਣ ਦੀ ਹੱਦ ਤੱਕ ਜਾਣਾ ਜਾਇਜ ਨਹੀਂ।
ਇਸ ਕਰਕੇ ਵਿਦਿਆਰਥੀ ਅਧਿਆਪਕ ਨੂੰ ਪਹਿਲਾਂ ਵਾਲਾ ਗੁਰੂ ਦਾ ਪਵਿਤਰ ਦਰਜਾ ਨਾ ਦੇ ਕੇ ਕੇਵਲ ਦੁਕਾਨਦਾਰ ਦਾ ਦਰਜਾ ਦੇਣ ਲੱਗ ਪਏ ਕਿ ਜਿਸ ਨੂੰ ਪੈਸੇ ਦਿੱਤੇ, ਚੀਜ ਖਰੀਦੀ ਤੇ ਉਸ ਨਾਲ ਰਿਸ਼ ਖਤਮ ਤੇ ਅਧਿਆਪਕ ਵੀ ਵਿਦਿਆਰਥੀ ਨੂੰ ਪਹਿਲਾਂ ਵਾਂਗ ਸ਼ਿਸ਼ ਨਾ ਸਮਝ ਕੇ ਗਾਹਕ ਸਮਝਣ ਲੱਗ ਪਏ ਕਿ ਪੈਸੇ ਲਏ ਤੇ ਚੀਜ ਵੇਚੀ, ਫਿਰ ਤੂੰ ਕੌਣ ਤੇ ਮੈਂ ਕੌਣ ?
ਪਰ ਇਸ ਖਰੀਦੋ-ਫਰੋਖਤ ਵਿੱਚ ਵਿਦਿਆ ਦੀ ਕੀਮਤ ਮੁੱਲ ਦੀ ਤੀਵੀਂ ਵਾਲੀ ਹੋ ਗਈ ਜਿਸ ਨੂੰ ਪੁੰਨ ਦੇ ਰਿਸ਼ਤੇ ਵਾਲੀ ਔਰਤ ਦੀ ਤੁਲਨਾ ਵਿੱਚ ਕੋਈ ਸਤਿਕਾਰ ਨਹੀਂ ਮਿਲਦਾ ਤੇ ਉਸ ਨੂੰ ਸ਼ਿਰਫ ਸਰੀਰਕ ਭੁੱਖ ਮਿਟਾਉਣ ਤੇ ਨਿਆਣੇ ਜੰਮਣ ਵਾਲੀ ਮਸ਼ੀਨ ਮੰਨਿਆ ਜਾਂਦਾ ਹੈ। ਵਿਦਿਆ ਦੀ ਅਜਿਹੀ ਹਾਲਤ ਲਈ ਕਾਫੀ ਤੱਕ ਮੌਜੂਦਾ ਸਰਕਾਰੀ ਵਿਦਿਆ ਪ੍ਰਣਾਲੀ ਵੀ ਜਿੰਮੇਵਾਰ ਹੈ। ਸਤੀਸ਼ ਕੁਮਾਰ, ਈ. ਟੀ. ਟੀ ਅਧਿਆਪਕ, ਸਰਕਾਰੀ ਐਲੀਮੈਂਟਰੀ ਸਕੂਲ ਪੰਜ ਢੇਰਾਂ ਕਲਾਂ, ਹੁਸ਼ਿਆਰਪੁਰ