ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਤਹਿਸੀਲ ਪੱਧਰੀ ਰੈਲੀ ਕੀਤੀ ਗਈਸਰਕਾਰ ਦੇ ਝੂਠੇ ਪਾਰਿਆਂ ਦੀ ਪੰਡ ਫੂਕਣ ਮੌਕੇ ਜਮ ਕੇ ਕੀਤੀ ਨਾਅਰੇਬਾਜੀ,
ਹੁਸ਼ਿਆਰਪੁਰ, 6 ਅਗਸਤ (TTT) ਮੁੱਖ ਮੰਤਰੀ ਪੰਜਾਬ ਵਲੋਂ ਮੁਲਾਜ਼ਮਾਂ ਅਤੇ ਪੈਂਸ਼ਨਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਥਾਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੂੰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਰੱਦ ਕਰਨ ਦੇ ਵਿਰੋਧ ਵਿੱਚ ਮੁਲਾਜ਼ਮ-ਪੈਨਸ਼ਨਰ ਵਰਗ ਵਲੋਂ ਸਰਕਾਰ ਵਿਰੁੱਧ ਆਪਣੇ ਰੋਹ ਦਾ ਪ੍ਰਗਟਾਵਾ ਕਰਨ ਲਈ ਮਿਤੀ 5-6 ਅਗਸਤ ਨੂੰ ਸੂਬੇ ਅੰਦਰ ਥਾਂ-ਥਾਂ ਤੇ ਸਰਕਾਰ ਦੀਆਂ ਅਰਥੀਆਂ ਅਤੇ ਲਾਰਿਆਂ ਦੀਆਂ ਪੰਡਾਂ ਫੂਕਣ ਦਾ ਸੰਘਰਸ਼ ਉਲੀਕਿਆ ਗਿਆ। ਇਸ ਸੰਘਰਸ਼ ਦੇ ਤਹਿਤ ਸਾਂਝਾ ਫਰੰਟ ਤਹਿਸੀਲ ਹੁਸ਼ਿਆਰਪੁਰ ਵਲੋਂ ਮਿੰਨੀ ਸਕੱਤਰੇਤ ਵਿਖੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਆਗੂ ਸ਼ਮਸ਼ੇਰ ਸਿੰਘ ਧਾਮੀ, ਪ.ਸ.ਸ.ਫ. ਦੇ ਤਹਿਸੀਲ ਪ੍ਰਧਾਨ ਰਕੇਸ਼ ਕੁਮਾਰ ਮਹਿਲਾਂਵਾਲੀ, ਪੰਜਾਬ ਪੈਨਸ਼ਨਰਜ਼ ਯੂਨੀਅਨ ਆਗੂ ਬਿੱਕਰ ਸਿੰਘ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਆਗੂ ਦਵਿੰਦਰ ਸਿੰਘ, ਪੰਜਾਬ ਰੋਡਵੇਜ਼ ਪੈਨਸ਼ਨਰਜ਼ ਅਤੇ ਫੈਮਲੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਆਗੂ ਕਮਲਜੀਤ ਸਿੰਘ, ਡੀ.ਐਮ.ਐਫ. ਆਗੂ ਬਲਜੀਤ ਸਿੰਘ ਦੀ ਅਗਵਾਈ ਹੇਠ ਰੈਲੀ ਕੀਤੀ ਗਈ ਅਤੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਸੂਬਾ ਕਨਵੀਨਰ ਸਾਥੀ ਸਤੀਸ਼ ਰਾਣਾ ਨੇ ਕਿਹਾ ਕਿ ਜਲੰਧਰ ਜਿਮਨੀ ਚੋਣ ਮੌਕੇ ਝੰਡਾ ਮਾਰਚ ਦੇ ਦਬਅ ਹੇਠ ਮੁੱਖ ਮੰਤਰੀ ਵਲੋਂ ਮੀਟਿੰਗ ਕਰਕੇ ਚੋਣ ਜਾਬਤੇ ਉਪਰੰਤ ਮੁੜ 25 ਜੁਲਾਈ ਨੂੰ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਸੀ ਪ੍ਰੰਤੀ ਮੀਟਿੰਗ ਤੋਂ ਭੱਜਦਿਆਂ ਮੁੱਖ ਮੰਤਰੀ ਵਲੋਂ ਪਹਿਲਾਂ 2 ਅਗਸਤ ਅਤੇ ਫਿਰ ਇਹ ਮੀਟਿੰਗ ਕੈਂਸਲ ਕਰਕੇ ਹੁਣ 22 ਅਗਸਤ ਦਾ ਸਮਾਂ ਦਿੱਤਾ ਹੈ। ਵਾਰ-ਵਾਰ ਮੀਟਿੰਗਾਂ ਰੱਦ ਕਰਕਨ ਦਾ ਮਤਲਬ ਹੈ ਕਿ ਮੁੱਖ ਮੰਤਰੀ ਅਤੇ ਪੂਰੀ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਹੱਲ ਨਹੀਂ ਕਰਨਾ ਚਾਹੁੰਦੀ। ਉਹਨਾਂ ਕਿਹਾ ਕਿ 10 ਅਗਸਤ ਨੂੰ ਲੁਧਿਆਣਾ ਵਿਖੇ ਸੂਬਾਈ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆ ਵੱਖ ਵੱਖ ਆਗੂਆਂ ਇੰਦਰਜੀਤ ਵਿਰਦੀ, ਮਨਜੀਤ ਸਿੰਘ ਸੈਣੀ, ਸੂਰਜ ਪ੍ਰਕਾਸ਼ ਅਨੰਦ, ਅਮਰੀਕ ਸਿੰਘ, ਅਮਰ ਸਿੰਘ, ਨੰਦ ਰਾਮ, ਪ੍ਰਦੁਮਣ ਸਿੰਘ ਖਰਾਲ, ਸੰਦੀਪ ਸਿੰਘ, ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ, 1-1-2004 ਤੋਂ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਪੁਨਗਠਨ ਦੇ ਨਾਮ ਹੇਠ ਖਤਮ ਕੀਤੀਆਂ ਹਜ਼ਾਰਾਂ ਅਸਾਮੀਆਂ ਰੈਗੂਲਰ ਦੇ ਆਧਾਰ ਤੇ ਭਰੀਆਂ ਜਾਣ, ਐਕਟ ਤੋਂ ਬਾਹਰ ਰਹਿ ਗਏ ਸਾਰੇ ਮੁਲਾਜ਼ਮਾਂ, ਕੇਂਦਰੀ ਸਕੀਮਾਂ ਅਧੀਨ ਕੰਮ ਕਰਦੇ ਸਮੁੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੰ ਰੈਗੂਲਰ ਕੀਤਾ ਜਾਵੇ, ਆਂਗਣਵਾੜੀ ਵਰਕਰਾਂ/ ਹੈਲਪਰਾਂ, ਮਿਡ ਡੇ ਮੀਲ, ਆਸ਼ਾ ਵਰਕਰਾਂ/ ਫੈਸਿਲੀਟੇਟਰਾਂ ਦੇ ਹੋ ਰਹੇ ਸ਼ੋਸ਼ਣ ਨੂੰ ਬੰਦ ਕਰਦਿਆਂ ਮਾਣ ਭੱਤਾ/ ਇੰਨਸੈਨਟਿਵ ਦੀ ਥਾਂ ਸਰਕਾਰੀ ਮੁਲਾਜ਼ਮ ਮੰਨਦਿਆਂ ਬਣਦੀ ਮੁੱਢਲੀ ਤਨਖਾਹ ਅਤੇ ਭੱਤੇ ਦਿੱਤੇ ਜਾਣ, ਮੰਹਿਗਾਈ ਭੱਤੇ ਦੀਆਂ ਬਕਾਇਆ ਜਨਵਰੀ 2023 ਦਾ 4%, ਜੁਲਾਈ 2023 ਦਾ 4%, ਜਨਵਰੀ 2024 ਦਾ 4% ਅਤੇ ਜੁਲਾਈ 2024 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਪਿਛਲਾ ਰਹਿੰਦਾ ਬਕਾਇਆ ਯਕਮੁਸ਼ਤ ਤੁਰੰਤ ਅਦਾ ਕੀਤਾ ਜਾਵੇ, 6ਵੇਂ ਤਨਖਾਹ ਕਮਿਸ਼ਨ ਦੇ ਰਹਿੰਦੇ ਹਿੱਸੇ ਦੀ ਰਿਪੋਰਟ ਜਾਰੀ ਕਰਕੇ ਏ.ਸੀ.ਪੀ. ਸਕੀਮ ਲਾਗੂ ਕੀਤੀ ਜਾਵੇ, ਕੈਸ਼ਲੈਸ ਹੈਲਥ ਸਕੀਮ ਦੀਆਂ ਤਰੁਟੀਆਂ ਦੂਰ ਕਰਕੇ ਇਸਨੂੰ ਸਮੁੱਚੇ ਮੁਲਾਜ਼ਮਾਂ ਤੇ ਮੁੜ ਲਾਗੂ ਕੀਤਾ ਜਾਵੇ, ਵਿਕਾਸ ਟੈਕਸ ਦੇ ਨਾਂ ਤੇ ਮੁਲਾਜ਼ਮਾਂ/ ਪੈਨਸ਼ਨਰਾਂ ਦੀਆਂ ਤਨਖਾਹਾਂ/ ਪੈਨਸ਼ਨਾਂ ਵਿੱਚੋਂ 200/- ਰੁਪਏ ਪ੍ਰਤੀ ਮਹੀਨਾ ਦੀ ਦਰ ਤੇ ਕੱਟਿਆ ਜਾ ਰਿਹਾ ਜਜ਼ੀਆ ਟੈਕਸ ਬੰਦ ਕੀਤਾ ਜਾਵੇ, ਮਿਤੀ 1-1-2016 ਤੋਂ ਬਾਅਦ ਸੇਵਾ ਮੁਕਤ ਪੈਨਸ਼ਨਰਾਂ ਨੂੰ ਸੋਧੀ ਹੋਈ ਲੀਕ ਇੰਨਕੈਸ਼ਮੈਂਟ ਅਤੇ ਗਰੈਚੁਟੀ ਤੁਰੰਤ ਅਦਾ ਕੀਤੀ ਜਾਵੇ, ਪੈਨਸ਼ਨਰਾਂ ਨੂੰ 1-1-16 ਤੋਂ ਤਨਖਾਹ ਕਮਿਸ਼ਨ ਦਾ ਬਕਾਇਆ ਯਕਮੁਸ਼ਤ ਦਿੱਤਾ ਜਾਵੇ, ਬੱਝਵਾਂ ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਸੋਧਣ ਦੇ ਨਾਮ ਤੇ ਬੰਦ ਕੀਤੇ ਵੱਖ-ਵੱਖ ਵਰਗਾਂ ਦੇ ਸਮੁੱਚੇ ਭੱਤੇ ਸਮੇਤ ਪੇਂਡੂ ਭੱਤਾ, ਬੱਝਵਾਂ ਸਫਰੀ/ ਤੇਲ ਭੱਤਾ, ਬਹਾਲ ਕੀਤੇ ਜਾਣ ਅਤੇ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਦੇ ਆਧਾਰ ਤੇ ਸਮੁੱਚੇ ਭੱਤਿਆਂ ਵਿੱਚ 2.59 ਦੇ ਗੁਣਾਂਕ ਅਨੁਸਾਰ ਵਾਧਾ ਕੀਤਾ ਜਾਵੇ। ਰੈਲੀ ਦੇ ਅੰਤ ਵਿੱਚ ਮਾਰਚ ਕਰਕੇ ਮਿੰਨੀ ਸਕੱਤਰੇਤ ਦੇ ਗੇਟ ਅੱਗੇ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਨਾਅਰਿਆਂ ਦੀ ਗੂੰਜ ਵਿੱਚ ਫੂਕੀ ਗਈ।