ਚੋਰਾਂ ਦਾ ਸ਼ਿਕਾਰ ਹੋ ਗਿਆ ਪੁਲਸ ਅਧਿਕਾਰੀ, ਸੋਨੇ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ
ਕਪੂਰਥਲਾ (TTT)-ਬੀਤੀ ਰਾਤ ਚੋਰਾਂ ਨੇ ਪੁਲਸ ਅਧਿਕਾਰੀ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਘਰ ’ਚ ਸੰਨ੍ਹ ਲਾ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਕੋਚ ਫੈਕਟਰੀ ਨੇੜੇ ਵੱਸਦੇ ਪਿੰਡ ਖੈੜਾ ਦੋਨਾ ਦੇ ਵਸਨੀਕ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਬੀਤੀ ਰਾਤ ਉਹ ਅਤੇ ਉਸ ਦਾ ਪਰਿਵਾਰ ਘਰ ’ਚ ਸੌ ਰਿਹਾ ਸੀ, ਜਦੋਂ ਸਵੇਰੇ 5 ਵਜੇ ਉੱਠਿਆ ਅਤੇ ਵੇਖਿਆ ਕਿ ਕਮਰੇ ਨੂੰ ਬਾਹਰੋਂ ਕਿਸੇ ਨੇ ਜਿੰਦਰਾ ਲਗਾਇਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਜਦ ਕਮਰੇ ਦੀ ਖਿੜਕੀ ਦੇ ਪਿੱਛੇ ਵੇਖਿਆ ਤਾਂ ਘਰ ਦੇ ਦੂਜੇ ਕਮਰੇ ਦੀ ਖਿੜਕੀ ਖੁੱਲ੍ਹੀ ਸੀ ਅਤੇ ਕੁੰਡੀ ਵੀ ਟੁੱਟੀ ਹੋਈ ਸੀ। ਜਦੋਂ ਅੰਦਰ ਜਾ ਕੇ ਵੇਖਿਆ ਤਾਂ ਲੋਹੇ ਦੀ ਅਲਮਾਰੀ ਦੇ ਲੋਕ ਟੁੱਟੇ ਹੋਏ ਸਨ ਅਤੇ ਅਲਮਾਰੀ ਵਿਚਲਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਲੋਹੇ ਦੀ ਅਲਮਾਰੀ ਦੇ ਸੇਫ ਦਾ ਜਿੰਦਰਾ ਵੀ ਟੁੱਟਾ ਹੋਇਆ ਸੀ, ਜਿਸ ਵਿਚ ਲੱਖਾਂ ਰੁਪਏ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਨਕਦੀ ਚੋਰਾਂ ਵੱਲੋਂ ਚੋਰੀ ਕੀਤੇ ਗਏ ਹਨ।