ਮੂਸੇਵਾਲਾ ਕਤਲਕਾਂਡ: ਗਵਾਹੀ ਦੇਣ ਨਹੀਂ ਪੁੱਜੇ Thar ‘ਚ ਬੈਠੇ ਦੋਵੇਂ ਯਾਰ (ਵੀਡੀਓ)
ਮਾਨਸਾ (TTT): ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕਤਲ ਵੇਲੇ ਸਿੱਧੂ ਮੂਸੇਵਾਲਾ ਨਾਲ ਥਾਰ ‘ਚ ਮੌਜੂਦ ਉਸ ਦੇ 2 ਯਾਰ ਇਕ ਵਾਰ ਫ਼ਿਰ ਅਦਾਲਤ ਵਿਚ ਪੇਸ਼ ਨਹੀਂ ਹੋਏ। ਗਵਾਹ ਨਾ ਆਉਣ ਕਾਰਨ ਅਦਾਲਤ ਵੱਲੋਂ ਅਗਲੀ ਪੇਸ਼ੀ 26 ਜੁਲਾਈ ਨਿਸ਼ਚਿਤ ਕੀਤੀ ਗਈ ਹੈ। ਜ਼ਿਲ੍ਹਾ ਅਦਾਲਤ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅਗਲੀ ਤਰੀਕ ‘ਤੇ ਗਵਾਹ ਵਜੋਂ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਮੂਸੇਵਾਲਾ ਦੇ ਵਕੀਲਾਂ ਨੂੰ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਗਵਾਹ ਵਜੋਂ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਦੱਸ ਦੇਈਏ ਕਿ ਮੂਸੇਵਾਲਾ ਦੇ ਕਤਲ ਵੇਲੇ ਉਸ ਨਾਲ ਕਾਰ ਵਿਚ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਿੱਧੂ ਮੌਜੂਦ ਸਨ। ਅਦਾਲਤ ਨੇ ਦੋਹਾਂ ਨੂੰ 5 ਜੁਲਾਈ ਨੂੰ ਤਲਬ ਕੀਤਾ ਸੀ। ਦੋਵਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪੇਸ਼ੀ ਤੋਂ ਛੋਟ ਮੰਗੀ। ਇਸ ਤੋਂ ਪਹਿਲਾਂ ਵੀ ਦੋਵਾਂ ਨੇ ਸਿਹਤ ਦੇ ਅਧਾਰ ‘ਤੇ 20 ਮਈ ਦੀ ਸੁਣਵਾਈ ਤੋਂ ਛੋਟ ਮੰਗੀ ਸੀ। ਦੋਵਾਂ ਮੁੱਖ ਗਵਾਹਾਂ ਦੇ ਪੇਸ਼ ਨਾ ਹੋਣ ਕਾਰਨ ਸੁਣਵਾਈ ਮੁਲਤਵੀ ਕਰਨ ਦੀ ਮੰਗ ਕੀਤੀ ਗਈ। ਅਦਾਲਤ ਨੇ ਸੁਣਵਾਈ ਮੁਲਤਵੀ ਕਰਦਿਆਂ ਇਸਤਗਾਸਾ ਪੱਖ ਦੇ ਗਵਾਹਾਂ ਨੂੰ 26 ਜੁਲਾਈ ਲਈ ਮੁੜ ਸੰਮਨ ਜਾਰੀ ਕਰ ਦਿੱਤੇ ਹਨ। ਉਸੇ ਦਿਨ ਮੂਸੇਵਾਲਾ ਦੇ ਪਿਤਾ ਨੂੰ ਵੀ ਗਵਾਹ ਵਜੋਂ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।