ਰਾਜਸਥਾਨ ਦੇ ਲੋਕ ਪੰਜਾਬ ਦੇ ਦਰਿਆਵਾਂ-ਨਦੀਆਂ ਦਾ ਪਲੀਤ ਪਾਣੀ ਪੀਣ ਨੂੰ ਮਜ਼ਬੂਰ: ਸੰਤ ਸੀਚੇਵਾਲ
ਕਾਲਾ ਸੰਘਿਆਂ (TTT)- ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਦੇ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਪੰਜਾਬ ਦੇ ਦਰਿਆਵਾਂ, ਨਦੀਆਂ ਤੇ ਡਰੇਨਾਂ ਵਗੈਰਾ ਦਾ ਜੋ ਪ੍ਰਦੂਸ਼ਿਤ ਪਾਣੀ ਵਹਿ ਰਿਹਾ ਹੈ, ਉਹ ਅੱਗੋਂ ਰਾਜਸਥਾਨ ਦੇ ਕਰੀਬ 2.5 ਕਰੋੜ ਲੋਕਾਂ ਨੂੰ ਪੀਣਾ ਪੈ ਰਿਹਾ ਹੈ, ਜਿਸ ਨਾਲ ਉਹ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ ਤੇ ਇਹ ਮਨੁੱਖਤਾ ਦਾ ਬਹੁਤ ਵੱਡਾ ਘਾਣ ਹੋ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਇਤਿਹਾਸਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਬਲ੍ਹੇਰਖਾਨਪੁਰ, ਜ਼ਿਲਾ ਕਪੂਰਥਲਾ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 429ਵੇਂ ਪ੍ਰਕਾਸ਼ ਪੁਰਬ ’ਤੇ ਸਾਲਾਨਾ ਜੋੜ ਮੇਲੇ ’ਚ ਜੁੜੇ ਬੇਮਿਸਾਲ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸੰਤ ਸੀਚੇਵਾਲ ਨੇ ਅੱਗੇ ਆਖਿਆ ਕਿ ਪਾਣੀਆਂ ਤੇ ਵਾਤਾਵਰਣ ਨੂੰ ਬਚਾਉਣ ਲਈ ਉਹ ਲੰਬੇ ਸਮੇਂ ਤੋਂ ਸੰਤ-ਮਹਾਪੁਰਸ਼ਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਲੜਾਈ ਲੜਦੇ ਆ ਰਹੇ ਹਨ ਤੇ ਕਾਲਾ ਸੰਘਿਆਂ ਡਰੇਨ ਨੂੰ ਸੰਨ੍ਹ 2008 ਤੇ 2011 ਦੇ ਵਿਚ ਸੰਕੇਤਕ ਬੰਧ ਮਾਰ ਕੇ ਸਰਕਾਰਾਂ ਨੂੰ ਕੁੰਭ ਕਰਨੀ ਨੀਂਦ ਵਿੱਚੋਂ ਜਗਾਉਣ ਦਾ ਯਤਨ ਕੀਤਾ ਸੀ ਅਤੇ ਉਸ ਤੋਂ ਬਾਅਦ ਪਿੰਡ ਨਾਹਲਾਂ, ਜਲੰਧਰ ਨੇੜੇ 50 ਐੱਮ. ਐੱਲ. ਡੀ. ਤੇ 15 ਐੱਮ. ਐੱਲ. ਡੀ. ਦੇ ਟਰੀਟਮੈਂਟ ਪਲਾਂਟ ਬਣੇ ਤੇ 5 ਐੱਮ. ਐੱਲ. ਡੀ. ਦਾ ਲੈਦਰ ਕੰਪਲੈਕਸ ਜਲੰਧਰ ਦੇ ਵਿੱਚ ਬਣਿਆ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਸਾਨੂੰ ਇਕ ਨਵੀਂ ਸੂਚਨਾ ਪ੍ਰਾਪਤ ਹੋਈ ਹੈ, ਜਿਸ ਮੁਤਾਬਕ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲੈਦਰ ਕੰਪਲੈਕਸ ਜਲੰਧਰ ’ਚ ਗੰਦੇ ਪਾਣੀ ਨੂੰ ਟਰੀਟ ਕਰਨ ਲਈ ਇਕ ਹੋਰ ਨਵਾਂ ਟਰੀਟਮੈਂਟ ਪਲਾਂਟ ਕਰੀਬ 28.64 ਕਰੋੜ ਰੁਪਏ ਦੀ ਲਾਗਤ ਦੇ ਨਾਲ ਲਗਾਇਆ ਜਾ ਰਿਹਾ ਹੈ।