ਅੱਜ ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਸੀ.ਪੀ.ਆਈ (ਐਮ) ਅਤੇ ਸੀ.ਪੀ.ਆਈ. ਦੇ ਸਾਥੀਆਂ ਨੇ ਸਾਂਝੀ
ਹੁਸ਼ਿਆਰਪੁਰ-(TTT)ਅੱਜ ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਸੀ.ਪੀ.ਆਈ (ਐਮ) ਅਤੇ ਸੀ.ਪੀ.ਆਈ. ਦੇ ਸਾਥੀਆਂ ਨੇ ਸਾਂਝੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸੀ.ਪੀ.ਆਈ (ਐਮ) ਦੇ ਜ਼ਿਲ੍ਹਾ ਸਕੱਤਰ ਸਾਥੀ ਗੁਰਨੇਕ ਸਿੰਘ ਭੱਜਲ, ਸੂਬਾ ਕਮੇਟੀ ਮੈਂਬਰ ਸਾਥੀ ਗੁਰਮੇਸ਼ ਸਿੰਘ, ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਸਾਥੀ ਅਮਰਜੀਤ ਸਿੰਘ, ਜੀਤ ਸਿੰਘ ਤੇ ਬਲਵਿੰਦਰ ਸਿੰਘ ਹਾਜ਼ਰ ਸਨ। ਸਾਥੀਆਂ ਨੇ ਦੋਹਾਂ ਪਾਰਟੀਆਂ ਦੇ ਸੂਬਾਈ ਆਗੂਆਂ ਵਲੋਂ 01 ਜੁਲਾਈ ਤੋਂ 7 ਜੁਲਾਈ ਤੱਕ ਕੇਂਦਰ ਸਰਕਾਰ ਵੱਲੋਂ 3 ਨਵੇਂ ਫੌਜਦਾਰੀ ਕਨੂੰਨ ਜੋ ਕਿ 01 ਜੁਲਾਈ ਤੋਂ ਲਾਗੂ ਕਰ ਦਿੱਤੇ ਗਏ ਹਨ, ਦੇ ਵਿਰੁੱਧ ਅਰਥੀ ਫੂਕ ਮੁਜਾਹਰੇ ਕਰਕੇ ਇਹਨਾਂ ਕਨੂੰਨਾਂ ਦੀਆਂ ਕਾਪੀਆਂ ਨੂੰ ਸਾੜਨ ਦਾ ਫੈਸਲਾ ਕੀਤਾ ਕਿਉਂਕਿ ਇਹ ਕਨੂੰਨ ਜੋ ਪੁਲਿਸ ਨੂੰ ਲੋਕਾਂ ਤੇ ਜਬਰ ਕਰਨ ਦੇ ਬਹੁਤ ਅਧਿਕਾਰ ਦਿੰਦੇ ਹਨ, ਮੋਦੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵੱਲੋਂ ਵਿਰੋਧੀ ਧਿਰ ਦੇ 146 ਐਮ.ਪੀਜ਼ ਨੂੰ ਸਦਨ ਤੋਂ ਮੁਅੱਤਲ ਕਰਕੇ ਬਿਨ੍ਹਾਂ ਕਿਸੇ ਬਹਿਸ ਦੇ ਪਾਸ ਕਰ ਦਿੱਤੇ ਸਨ।ਸਾਥੀਆਂ ਨੇ ਸੂਝਵਾਨ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਮੋਦੀ ਸਰਕਾਰ ਦੇ ਭੈੜੇ ਮਨਸੂਬਿਆਂ ਬਾਰੇ ਆਮ ਲੋਕਾਂ ਨੂੰ ਇਹਨਾਂ ਕਨੂੰਨਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੂੰ ਸੁਚੇਤ ਕਰਨ। ਇਹ ਐਕਸ਼ਨ ਗੜ੍ਹਸ਼ੰਕਰ ਵਿੱਚ 3 ਜੁਲਾਈ ਨੂੰ, ਹੁਸ਼ਿਆਰਪੁਰ ਅਤੇ ਦਸੂਹਾ ਵਿੱਚ 5 ਜੁਲਾਈ ਨੂੰ ਅਤੇ ਮੁਕੇਰੀਆਂ ਵਿੱਚ ਵੀ ਕਰਨ ਦਾ ਫੈਸਲਾ ਕੀਤਾ ਗਿਆ।