ਐਸ.ਡੀ.ਐਮ ਨੇ ਗ੍ਰੀਨ ਮਿਸ਼ਨ ਕਮੇਟੀ ਦੀ ਮੀਟਿੰਗ ਕਰਕੇ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਦਿੱਤੇ ਨਿਰਦੇਸ਼
(TTT) ਕਿਹਾ, ਚੋਣਾਂ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਬਣਾਈ ਜਾਵੇ ਯਕੀਨੀ
-ਥਾਣਾ ਗੜ੍ਹਸ਼ੰਕਰ ਵਿਚ ਵੀ ਦਫ਼ਤਰੀ ਸਟਾਫ਼ ਨੇ ਪੌਦੇ ਲਗਾ ਕੇ ਗ੍ਰੀਨ ਚੋਣਾਂ ਸਬੰਧ ਲਈ ਸਹੁੰ
ਹੁਸ਼ਿਆਰਪੁਰ/ਗੜ੍ਹਸ਼ੰਕਰ, 20 ਮਈ :
ਲੋਕ ਸਭਾ ਚੋਣਾਂ ਲਈ ਸ੍ਰੀ ਅਨੰਦਪੁਰ ਸਾਹਿਬ ਪਾਰਲੀਮਾਨੀ ਹਲਕੇ ਦੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਵੱਲੋਂ ਦਿੱਤੇ ਗਏ ਨਿਰਦੇਸ਼ਾਂ ’ਤੇ 45-ਗੜ੍ਹਸ਼ੰਕਰ ਵਿਚ ਅੱਜ ਗ੍ਰੀਨ ਮਿਸ਼ਨ ਕਮੇਟੀ ਦੀ ਮੀਟਿੰਗ ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਉਨ੍ਹਾਂ ਚੋਣਾਂ ਵਿਚ ਲੱਗੇ ਅਫ਼ਸਰਾਂ ਅਤੇ ਸਟਾਫ਼ ਨੂੰ ਨਿਰਦੇਸ਼ ਦਿੱਤੇ ਕਿ ਚੋਣ ਪ੍ਰਕਿਰਿਆ ਦੌਰਾਨ ਕਾਰਬਨ ਨਿਕਾਸੀ ਨੂੰ ਘਟਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ‘ਗ੍ਰੀਨ ਚੋਣਾਂ’ ਸੰਕਲਪ ਦੀ ਰੋਸ਼ਨੀ ਵਿਚ ਸਾਡਾ ਉਦੇਸ਼ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਵਾਤਾਵਰਣ ਅਨੁਕੂਲ ਚੋਣ ਪ੍ਰਕਿਰਿਆ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਨਾਲ ਜਿਥੇ ਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਨੂੰ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਨਾ ਕਰਨ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ, ਉਥੇ ਚੋਣ ਪ੍ਰਬੰਧਾਂ ਵਿਚ ਲੱਗੇ ਸਰਕਾਰੀ ਅਮਲੇ ਨੂੰ ਵੀ ਇਸ ’ਗ੍ਰੀਨ ਚੋਣਾਂ’ ਮੁਹਿੰਮ ਦਾ ਹਿੱਸਾ ਬਣਾਇਆ ਜਾਵੇ। ਇਸੇ ਲੜੀ ਵਿਚ ਥਾਣਾ ਗੜ੍ਹਸ਼ੰਕਰ ਵਿਚ ਦਫ਼ਤਰੀ ਸਟਾਫ਼ ਨੇ ਪੌਦੇ ਲਗਾਏ ਅਤੇ ਗ੍ਰੀਨ ਚੋਣਾਂ 2024 ਸਬੰਧੀ ਸਹੁੰ ਵੀ ਚੁੱਕੀ।