ਪੰਜਾਬ ਵਾਸੀਆਂ ਨੂੰ ਵੱਜ ਰਹੇ ‘ਲੂ’ ਦੇ ਥਪੇੜੇ, ਘਰੋਂ ਨਿਕਲਣਾ ਹੋਇਆ ਮੁਸ਼ਕਲ, ਲਗਾਤਾਰ ਵੱਧ ਰਹੀ ਗਰਮੀ
(TTT) ਲੋਕ ਸਭਾ ਚੋਣਾਂ ਨੂੰ ਲੈ ਕੇ ਜਿਵੇਂ-ਜਿਵੇਂ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ, ਉੱਥੇ ਮਈ ਮਹੀਨੇ ’ਚ ਹੀ ਤੇਜ਼ ਗਰਮੀ ਅਤੇ ਲੂ ਦੇ ਸੇਕੇ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਗਰਮੀ ’ਚ ਭਾਰੀ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਕੜਕਦੀ ਧੁੱਪ ਨਾਲ ਚੱਲਣ ਵਾਲੇ ਲੂ ਦੇ ਗਰਮ ਥਪੇੜਿਆਂ ਨੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ, ਉੱਥੇ ਧਨਾਢ ਪਰਿਵਾਰਾਂ ਨੇ ਗਰਮੀ ਦੇ ਮੱਦੇਨਜ਼ਰ ਠੰਡੇ ਪਹਾੜੀ ਇਲਾਕਿਆਂ ਵੱਲ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਦਿਨ ਵੇਲੇ 42 ਤੋਂ 43 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ ਹੈ। ਜਿਹੜਾ ਕਿ ਪਿਛਲੀਆਂ ਗਰਮੀਆਂ ਦੇ ਮੁਕਾਬਲੇ ਥੋੜ੍ਹਾ ਜ਼ਿਆਦਾ ਦੱਸਿਆ ਜਾਂਦਾ ਹੈ। ਗਰਮੀ ਦਾ ਕਹਿਰ ਦਿਨੋਂ-ਦਿਨ ਵੱਧਣ ਕਾਰਨ ਬਹੁਤੇ ਲੋਕਾਂ ਵੱਲੋਂ ਹੁਣ ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਕਾਰਨ ਬਜ਼ਾਰ ਸੁੰਨੇ ਦਿਖਾਈ ਦੇਣ ਲੱਗੇ ਹਨ, ਜਿਸ ਕਾਰਨ ਕਈ ਲੋਕਾਂ ਦੇ ਕੰਮਕਾਰ ’ਤੇ ਵੀ ਗਰਮੀ ਦਾ ਮਾੜਾ ਅਸਰ ਹੋਣ ਲੱਗਿਆ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਤੱਤੀਆਂ ਲੋਆਂ ਇਸੇ ਤਰ੍ਹਾਂ ਹੀ ਚੱਲਦੀਆਂ ਰਹੀਆਂ ਤਾਂ ਇਸ ਨਾਲ ਨਰਮੇ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਤੇਜ਼ ਗਰਮੀ ਨੂੰ ਦੇਖ ਕੇ ਲੋਕ ਪਹਿਲਾਂ ਹੀ ਇਸ ਗੱਲੋਂ ਚਿੰਤਤ ਹਨ ਕਿ ਜੇਕਰ ਮਈ ਮਹੀਨੇ ਦੇ ਸ਼ੁਰੂ ’ਚ ਹੀ ਅਜਿਹੀ ਭਿਆਨਕ ਸਥਿਤੀ ਪੈਦਾ ਹੋ ਗਈ ਹੈ ਤਾਂ ਜੂਨ-ਜੁਲਾਈ ਜਦੋਂ ਗਰਮੀਆਂ ਦਾ ਮੌਸਮ ਆਪਣੇ ਸਿਖ਼ਰ ’ਤੇ ਹੋਵੇਗਾ, ਉਸ ਸਥਿਤੀ ’ਚ ਕੀ ਹਾਲ ਹੋਵੇਗਾ।