ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ
(TTT)ਬੀਤੀ ਰਾਤ ਸਵਾ 11 ਵਜੇ ਦੇ ਕਰੀਬ ਮਾਲੇਰਕੋਟਲਾ-ਖੰਨਾ ਮੁੱਖ ਸੜਕ ’ਤੇ ਪਿੰਡ ਰਾਣਵਾਂ ਵਿਖੇ ਵਾਪਰੇ ਸੜਕ ਹਾਦਸੇ ’ਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਦੋ ਨੌਜਵਾਨ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਖੰਨਾ ਤੋਂ ਮਾਲੇਰਕੋਟਲਾ ਨੂੰ ਆ ਰਹੀ ਇਕ ਸਕੌਡਾ ਕਾਰ ਨੰਬਰ ਸੀ. ਐੱਚ. 01 ਏ. ਐੱਸ. 1504 ’ਚ ਸਵਾਰ 5 ਨੌਜਵਾਨ ਦੋਸਤ ਮੋਹਾਲੀ ਤੋਂ ਮਾਲੇਰਕੋਟਲਾ ਨੂੰ ਵਾਪਸ ਪਰਤ ਰਹੇ ਸਨ ਕਿ ਪਿੰਡ ਰਾਣਵਾਂ ਪੁੱਜਣ ’ਤੇ ਅਚਾਨਕ ਕਾਰ ਦੇ ਡਰਾਈਵਰ ਸਾਈਡ ਵਾਲੇ ਪਾਸੇ ਦਾ ਅਗਲਾ ਟਾਈਰ ਫਟ ਜਾਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਹੋਈ ਕਾਰ ਪਲਟੀਆਂ ਖਾਂਦੀ ਹੋਈ ਕਾਫੀ ਦੂਰ ਤੱਕ ਚਲੀ ਗਈ। ਜਦਕਿ ਪਲਟੀਆਂ ਖਾਂਦੀ ਕਾਰ ’ਚ ਸਵਾਰ ਨੌਜਵਾਨਾਂ ’ਚੋਂ ਚਾਰ ਨੌਜਵਾਨ ਬੁੜਕ ਕੇ ਕਾਰ ’ਚੋਂ ਬਾਹਰ ਸੜਕ ’ਤੇ ਜਾ ਡਿੱਗੇ।
ਇਸ ਹਾਦਸਾਗ੍ਰਸਤ ਕਾਰ ਸਵਾਰ ਪੰਜ ਨੌਜਵਾਨਾਂ ’ਚ ਸਿਮਰਨਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਮਨਵੀਰ ਸਿੰਘ ਪੁੱਤਰ ਦੇਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਗੁਆਰਾ ਜ਼ਿਲ੍ਹਾ ਮਾਲੇਰਕੋਟਲਾ, ਆਲੀਸ਼ਾਨ ਪੁੱਤਰ ਮੁਹੰਮਦ ਰਮਜ਼ਾਨ ਜਾਨੂ ਵਾਸੀ ਮੁਹੱਲਾ ਅਜ਼ੀਮਪੁਰਾ ਮਾਲੇਰਕੋਟਲਾ, ਉਮੈਰ ਅਸਲਮ ਪੁੱਤਰ ਮੁਹੰਮਦ ਅਸਲਮ ਵਾਸੀ ਮੁਹੱਲਾ ਜਮਾਲਪੁਰਾ ਮਾਲੇਰਕੋਟਲਾ ਅਤੇ ਪ੍ਰਭਸਿਮਰਨ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਦਹੇੜੂ (ਖੰਨਾ) ਸ਼ਾਮਲ ਸਨ।
ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਤੇ ਆਲੀਸ਼ਾਨ ਦੀ ਮਾਲੇਰਕੋਟਲਾ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ ਜਦਕਿ ਉਮੈਰ ਅਸਲਮ ਨੇ ਲੁਧਿਆਣੇ ਜਾਂਦਿਆਂ ਰਸਤੇ ’ਚ ਦਮ ਤੋੜ ਦਿੱਤਾ। ਹਾਦਸੇ ’ਚ ਜ਼ਖਮੀ ਨੌਜਵਾਨ ਮਨਵੀਰ ਸਿੰਘ ਗੁਆਰਾ ਨੂੰ ਦਿਆਨੰਦ ਹਸਪਤਾਲ ਲੁਧਿਆਣਾ ਅਤੇ ਪ੍ਰਭਸਿਮਰਨ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਦੋਵੇਂ ਜ਼ਖਮੀਆਂ ਦੀ ਸੰਭਾਲ ਕਰ ਰਹੇ ਵਾਰਿਸਾਂ ਮੁਤਾਬਕ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।