ਜੇਲ੍ਹ ‘ਚ ਬੈਠ ਸਰਗਨਾ ਚਲਾ ਰਿਹਾ ਸੀ ਫਰਜ਼ੀ RC ਵੇਚਣ ਦਾ ਕਾਰੋਬਾਰ, 4 ਮੁਲਜ਼ਮ ਗ੍ਰਿਫ਼ਤਾਰ
(TTT) ਮੋਹਾਲੀ : ਵਾਹਨਾਂ ਦੀ ਜਾਅਲੀ ਆਰ. ਸੀ. ਬਣਾ ਕੇ 40 ਤੋਂ 80 ਹਜ਼ਾਰ ਰੁਪਏ ’ਚ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਸੋਹਾਣਾ ਥਾਣਾ ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਗਿਰੋਹ ਦਾ ਸਰਗਨਾ ਮੌਜੂਦਾ ਸਮੇਂ ਨਾਭਾ ਜੇਲ੍ਹ ’ਚ ਬੰਦ ਸੀ ਅਤੇ ਉਹ ਉੱਥੋਂ ਹੀ ਇਹ ਜਾਅਲੀ ਆਰ. ਸੀ. ਤਿਆਰ ਕਰਨ ਦਾ ਆਪਣਾ ਕਾਰੋਬਾਰ ਚਲਾ ਰਿਹਾ ਸੀ।
ਮੁਲਜ਼ਮਾਂ ਦੀ ਪਛਾਣ ਗਿਰੋਹ ਦੇ ਸਰਗਨਾ ਰਾਜਸਥਾਨ ਦੇ ਹਨੂੰਮਾਨਗੜ੍ਹ ਵਾਸੀ ਹੀਰਾ ਸਿੰਘ ਵਜੋਂ ਹੋਈ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਪਛਾਣ ਹਰਸ਼, ਅਰਜੁਨ ਵਾਸੀ ਸੁਹਾਣਾ ਤੇ ਸਰਵਨ ਵਾਸੀ ਬਲੌਂਗੀ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 17 ਜਾਅਲੀ ਆਰ. ਸੀ., 10 ਆਰ. ਸੀ. ਬਣਾਉਣ ਲਈ ਵਰਤੇ ਜਾਂਦੇ ਕਾਲੇ ਕਾਰਡ, 2 ਕਲਰ ਪ੍ਰਿੰਟਰ, ਇਕ ਲੈਪਟਾਪ ਤੇ 3 ਮੋਬਾਇਲ ਬਰਾਮਦ ਕੀਤਾ ਹੈ, ਜਿਨ੍ਹਾਂ ਦੀ ਵਰਤੋਂ ਕਰ ਕੇ ਮੁਲਜ਼ਮ ਜਾਅਲੀ ਆਰ. ਸੀ. ਤਿਆਰ ਕਰਦੇ ਸਨ। ਉਹ ਇੱਕ ਆਰ. ਸੀ. ਬਣਾਉਣ ਲਈ 40 ਤੋਂ 80 ਹਜ਼ਾਰ ਰੁਪਏ ਵਸੂਲ ਕਰਦੇ ਸਨ।