ਸੀ.ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ’ਚ ਚਲਾਈਆਂ ਰਹੀਆਂ ਹਨ 255 ਯੋਗ ਕਲਾਸਾਂ : ਕੋਮਲ ਮਿੱਤਲ
-ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਮੁਫ਼ਤ ਯੋਗ ਕਲਾਸਾਂ ’ਚ ਸ਼ਾਮਲ ਹੋਣ ਦੀ ਕੀਤੀ ਅਪੀਲ
-ਕਿਹਾ, 7669400500 ’ਤੇ ਮਿਸਡ ਕਾਲ ਦੇ ਕੇ ਨਾਗਰਿਕ ਪ੍ਰੋਗਰਾਮ ਨਾਲ ਮੁਫ਼ਤ ਜੁੜ ਸਕਦੇ ਹਨ
ਹੁਸ਼ਿਆਰਪੁਰ, 21 ਸਤੰਬਰ:( GBC UPDATE ):- ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿਚੇ 49 ਟਰੇਨਰਾਂ ਵਲੋਂ ਇਸ ਸਮੇਂ ਕਰੀਬ 255 ਯੋਗ ਕਲਾਸਾਂ ਚਲਾਈਆਂ ਰਹੀਆਂ ਹਨ, ਜਿਸ ਵਿਚ 9 ਹਜ਼ਾਰ ਦੇ ਕਰੀਬ ਲੋਕ ਰੋਜ਼ਾਨਾ ਯੋਗ ਦਾ ਅਭਿਆਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਸਾਰੇ 10 ਬਲਾਕ ਕਵਰ ਕੀਤੇ ਜਾ ਚੁੱਕੇ ਹਨ ਅਤੇ ਲੋਕਾਂ ਵਿਚ ਯੋਗ ਪ੍ਰਤੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾ ਪੰਜਾਬ ਸਰਕਾਰ ਦੁਆਰਾ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਇਕ ਪਹਿਲ ਹੈ। ਇਸ ਯੋਜਨਾ ਤਹਿਤ ਪੰਜਾਬ ਵਿਚ ਪ੍ਰਮਾਣਿਕ ਯੋਗ ਅਧਿਆਪਕਾਂ ਦੀ ਇਕ ਟੀਮ ਸਥਾਪਿਤ ਕੀਤੀ ਗਈ ਹੈ, ਤਾਂ ਜੋ ਯੋਗ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਜਨਤਾ ਨੂੰ ਯੋਗ ਟੀਚਰਾਂ ਦੀ ਸੁਵਿਧਾ ਦੇ ਕੇ ਇਸ ਨੂੰ ਇਕ ਲੋਕ ਅੰਦੋਲਨ ਵਿਚ ਬਦਲਿਆ ਜਾ ਸਕੇ। ਇਸ ਦਾ ਮੁੱਖ ਮਕਸਦ ਨਾਗਰਿਕ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਇਕ ਪ੍ਰਾਚੀਨ ਅਭਿਆਸ ਦੇ ਰੂਪ ਵਿਚ, ਯੋਗ ਕਿਸੇ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਕਰਨ ਦਾ ਇਕ ਪ੍ਰਭਾਵੀ ਸਾਧਨ ਸਾਬਤ ਹੋਇਆ ਹੈ। ਰੋਜ਼ਾਨਾ ਅਭਿਆਸ ਦੁਆਰਾ, ਵਿਅਕਤੀ ਇਕਾਗਰਤਾ ਦਾ ਵਿਕਾਸ ਕਰ ਸਕਦਾ ਹੈ ਅਤੇ ਆਪਣੇ ਵਾਤਾਵਰਣ ਦੇ ਨਾਲ ਵੱਧ ਤੋਂ ਵੱਧ ਇਕਸੁਰਤਾ ਸਥਾਪਿਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਵਿਚ ਇਹ ਯੋਜਨਾ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਵੱਖ-ਵੱਖ ਪੜਾਵਾਂ ਵਿਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਕਵਰ ਕੀਤਾ ਗਿਆ ਹੈ।
ਸੀ.ਐਮ ਦੀ ਯੋਗਸ਼ਾਲਾ ਦੀ ਜ਼ਿਲ੍ਹਾ ਕੋਆਰਡੀਨੇਟਰ ਮਾਧਵੀ ਸਿੰਘ ਨੇ ਦੱਸਿਆ ਕਿ ਸੂਬਾ ਸਲਾਹਕਾਰ ਅਮਰੇਸ਼ ਝਾਅ ਅਤੇ ਕਮਲੇਸ਼ ਮਿਸ਼ਰਾ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਦੇ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਉਨ੍ਹਾਂ ਦੁਆਰਾ ਚੁਣੇ ਗਏ ਸਥਾਨ ’ਤੇ ਜਿਵੇਂ ਕਿ ਪਾਰਕ, ਜਨਤਕ ਥਾਵਾਂ ’ਤੇ ਮੁਫ਼ਤ ਯੋਗ ਸਿੱਖਿਆ ਦਿੱਤੀ ਜਾ ਰਹੀ ਹੈ। ਮਾਧਵੀ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਕੋਲ ਯੋਗ ਕਲਾਸਾਂ ਕਰਨ ਦਾ ਸਥਾਨ ਉਪਲਬੱਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ, ਤਾਂ ਪੰਜਾਬ ਸਰਕਾਰ ਯੋਗ ਟਰੇਂਡ ਇੰਸਟਰੱਕਟਰ ਘਰ ਭੇਜੇਗੀ। ਜੇਕਰ ਲੋਕ ਚਾਹੁੰਣ ਤਾਂ ਉਹ ਖੁਦ ਜਾਂ ਇਕ ਵਿਅਕਤੀ ਲਈ ਵੀ ਪੰਜੀਕਰਨ ਕਰ ਸਕਣਗੇ। ਜਿਹੜੇ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਟੋਲ ਫਰੀ ਨੰਬਰ 7669400500 ’ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਫਿਰ ਸੀ.ਐਮ ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ’ਤੇ ਲਾਗਇਨ ਕਰ ਸਕਦੇ ਹਨ।