ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ 16 ਉਮੀਦਵਾਰ ਲੜਨਗੇ ਚੋਣਾਂ, ਉਮੀਦਵਰਾਂ ਨੂੰ ਚੋਣ ਨਿਸ਼ਾਨ ਅਲਾਟ
(TTT)ਹੁਸ਼ਿਆਰਪੁਰ, 17 ਮਈ ( GBC UPDATE ): ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖਰੀ ਦਿਨ ਸੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨਾਮਜ਼ਦਗੀ ਵਾਪਸ ਲੈਣ ਦੇ ਆਖਰੀ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਗਏ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕੁੱਲ 16 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਇਸ ਦੌਰਾਨ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦਾ ਚੋਣ ਨਿਸ਼ਾਨ ਤੱਕੜੀ, ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਦਾ ਚੋਣ ਨਿਸ਼ਾਨ ਹੱਥ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਣਜੀਤ ਕੁਮਾਰ ਦਾ ਚੋਣ ਨਿਸ਼ਾਨ ਹਾਥੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਦਾ ਚੋਣ ਨਿਸ਼ਾਨ ਝਾੜੂ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੈਸ਼ਨਲ ਜਸਟਿਸ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਨੂੰ ਚੋਣ ਨਿਸ਼ਾਨ ਟਰੱਕ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਜਸਵੰਤ ਸਿੰਘ ਨੂੰ ਚੋਣ ਨਿਸ਼ਾਨ ਬਾਲਟੀ, ਬਹੁਜਨ ਦ੍ਰਾਵਿੜ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਤਮਿਲ ਨੂੰ ਚੋਣ ਨਿਸ਼ਾਨ ਗੰਨਾ ਕਿਸਾਨ, ਸਮਾਜ ਭਲਾਈ ਮੋਰਚਾ ਦੇ ਉਮੀਦਵਾਰ ਦਵਿੰਦਰ ਕੁਮਾਰ ਸਰੋਆ ਨੂੰ ਚੋਣ ਨਿਸ਼ਾਨ ਟੈਲੀਵਿਜ਼ਨ, ਗਲੋਬਲ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਭੀਮਰਾਓ, ਯਸ਼ਵੰਤ ਅੰਬੇਡਕਰ ਨੂੰ ਚੋਣ ਨਿਸ਼ਾਨ ਗੈਸ ਸਿਲੰਡਰ, ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਰਾਜ ਪਾਲ ਨਡਾਲੀ ਨੂੰ ਚੋਣ ਨਿਸ਼ਾਨ ਮੰਜੀ, ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਦੇ ਉਮੀਦਵਾਰ ਰਾਜੇਸ਼ ਨੂੰ ਚੋਣ ਨਿਸ਼ਾਨ ਕੋਟ, ਅਜ਼ਾਦ ਉਮੀਦਵਾਰ ਸਤਪਾਲ ਨੂੰ ਚੋਣ ਨਿਸ਼ਾਨ ਕੈਮਰਾ, ਅਜ਼ਾਦ ਉਮੀਦਵਾਰ ਸੋਨੂੰ ਸਿੰਘ ਫਗਵਾੜਾ ਨੂੰ ਚੋਣ ਨਿਸ਼ਾਨ ਕੋਕੋਨੈਟ ਫਾਰਮ, ਅਜ਼ਾਦ ਉਮੀਦ ਦਵਿੰਦਰ ਸਿੰਘ ਨੂੰ ਚੋਣ ਨਿਸ਼ਾਨ ਹੀਰਾ ਅਤੇ ਅਜ਼ਾਦ ਉਮੀਦਵਾਰ ਰੋਹਿਤ ਕੁਮਾਰ ਟਿੰਕੂ ਨੂੰ ਚੋਣ ਨਿਸ਼ਾਨ ਸੋਫਾ ਅਲਾਟ ਕੀਤਾ ਗਿਆ ਹੈ।